ਪੱਤਰ ਪੇ੍ਰਕ
ਸ਼ੇਰਪੁਰ, 15 ਸਤੰਬਰ
ਬੀਤੀ ਰਾਤ ਪਿੰਡ ਚਾਂਗਲੀ ਦੇ ਇਕ ਘਰ ਵਿੱਚ ਚੋਰੀ ਹੋ ਗਈ ਜਿਸ ਦਾ ਪਤਾ ਲੱਗਣ ‘ਤੇ ਐਸਐਚਓ ਥਾਣਾ ਸਦਰ ਜਗਮੇਲ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੜਤਾਲ ਦੌਰਾਨ ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖੀ। ਉਨ੍ਹਾਂ ਚੋਰੀ ਵਾਲੀ ਰਾਤ ਪਿੰਡ ਵਿੱਚ ਚਲਦੇ ਸਾਰੇ ਮੋਬਾਈਲ ਫੋਨਾਂ ਦਾ ਵਿਸ਼ੇਸ਼ ਟੀਮ ਬੁਲਾਕੇ ਡੰਪ ਚੁਕਵਾਇਆ, ‘ਡੌਗ ਸਕੂਐਡ’ ਵਾਲੀ ਟੀਮ ਤੋਂ ਇਲਾਵਾ ਫਿੰਗਰ ਪ੍ਰਿੰਟਸ ਵੀ ਲਏ ਗਏ। ਘਟਨਾ ਸਥਾਨ ’ਤੇ ਮੌਜੂਦ ਐਸਐਚਓ ਜਗਮੇਲ ਸਿੰਘ ਨੇ ਦੱਸਿਆ ਕਿ ਸੋਹਣ ਸਿੰਘ ਪੁੱਤਰ ਮਲਕੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸਾਰਾ ਪਰਿਵਾਰ ਘਰ ਸੀ ਅਤੇ ਚੋਰਾਂ ਨੇ ਜਾਲੀ ਤੋੜ ਕੇ ਅੰਦਰੋਂ ਗੇਟ ਖੋਲ੍ਹਿਆ ਜਿਸ ਮਗਰੋਂ ਤਕਰੀਬਨ ਪੰਜ ਤੋਲੇ ਸੋਨਾ ਤੇ 62 ਹਜ਼ਾਰ ਦੀ ਨਕਦੀ ਚੋਰੀ ਕੀਤੀ ਹੈ। ਉਨ੍ਹਾਂ ਪਹਿਲੀਆਂ ਚੋਰੀਆਂ ਬਾਰੇ ਕਿਹਾ ਕਿ ਪੁਲੀਸ ਤਫ਼ਤੀਸ਼ ਉਨ੍ਹਾਂ ਚੋਰੀਆਂ ਦੇ ਵੀ ਐਨ ਨਜ਼ਦੀਕ ਹੈ ਅਤੇ ਯਕੀਨਨ ਇਕੱਲ-ਇਕੱਲੀ ਚੋਰੀ ਦਾ ਸੱਚ ਸਾਹਮਣੇ ਲਿਆਂਦਾ ਜਾਵੇਗਾ। ਇਸ ਮੌਕੇ ਸਰਪੰਚ ਬੀਬੀ ਦੇ ਪਤੀ ਹਰਜਿੰਦਰ ਸਿੰਘ, ਸਾਬਕਾ ਸਰਪੰਚ ਨਸੀਬ ਸਿੰਘ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਆਦਿ ਵੀ ਹਾਜ਼ਰ ਸਨ।