ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਨਵੰਬਰ
ਪੁਲੀਸ ਵਲੋਂ ਅੱਜ ਸਥਾਨਕ ਜ਼ਿਲ੍ਹਾ ਜੇਲ੍ਹ ’ਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਜੇਲ੍ਹ ਦੀ ਹਾਈ ਸਕਿਊਰਟੀ ਜ਼ੋਨ ’ਚ ਬੰਦ ਗੈਂਗਸਟਰਾਂ ਕੋਲੋਂ ਪੰਜ ਮੋਬਾਇਲ ਫੋਨ, ਚਾਰ ਮੋਬਾਈਲ ਸਿਮ ਕਾਰਡ, ਇਕ ਮੋਬਾਈਲ ਚਾਰਜਰ ਅਤੇ ਚਾਰ ਮੋਬਾਈਲ ਚਾਰਜਰ ਕੇਬਲ ਬਰਾਮਦ ਕੀਤੇ ਗਏ। ਪੁਲੀਸ ਅਨੁਸਾਰ ਪੰਜ ਪਰਚੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਅਨੁਸਾਰ ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਵਿਸ਼ੇਸ਼ ਚੈਕਿੰਗ ਦੌਰਾਨ ਕੁੱਲ 120 ਪੁਲੀਸ ਅਧਿਕਾਰੀ/ਕਰਮਚਾਰੀ ਤਾਇਨਾਤ ਸਨ। ਚੈਕਿੰਗ ਦੌਰਾਨ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ। ਪੁਲੀਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਗਈ ਚੈਕਿੰਗ ਦੌਰਾਨ ਜੇਲ੍ਹ ਦੀ ਹਾਈ ਸਕਿਊਰਟੀ ਜ਼ੋਨ ’ਚ ਬੰਦ ਸੀ-ਕੈਟਾਗਿਰੀ ਦੇ ਗੈਂਗਸਟਰਾਂ ਕੋਲੋਂ 4 ਸਮਾਰਟ ਫੋਨ, ਇੱਕ ਕੀਪੈਡ ਫੋਨ, ਚਾਰ ਸਿਮ ਕਾਰਡ, ਇੱਕ ਚਾਰਜ਼ਰ ਅਤੇ ਚਾਰ ਚਾਰਜਰ ਕੇਬਲ ਬਰਾਮਦ ਹੋਈਆਂ। ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਜੇਲ੍ਹ ’ਚ ਬੰਦ ਗੈਂਗਸਟਰਾਂ ਅਮਨਦੀਪ ਕੁਮਾਰ, ਕਰਨ ਕੁਮਾਰ ਉਰਫ਼ ਕੰਨੀ, ਗੁਰਿੰਦਰ ਸਿੰਘ, ਸੰਦੀਪ ਸਿੰਘ ਆਦਿ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ। ਇਹ ਮੋਬਾਈਲ ਫੋਨ, ਸਿਮ ਕਾਰਡ, ਚਾਰਜ਼ਰ ਆਦਿ ਹਾਈ ਸਕਿਊਰਟੀ ਜ਼ੋਨ ’ਚ ਕਿਵੇਂ ਪੁੱਜੇ ਅਤੇ ਕਿਸ ਰਾਹੀਂ ਪੁੱਜੇ ਇਸ ਬਾਰੇ ਜੇਲ੍ਹ ’ਚ ਬੰਦ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਕਰੀਬ ਡੇਢ ਘੰਟਾ ਚੱਲੀ ਚੈਕਿੰਗ ਦੌਰਾਨ ਪੁਲੀਸ ਵਲੋਂ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ ਅਤੇ ਬੈਰਕਾਂ ਦਾ ਹਰ ਖੂੰਜਾ ਫਰੋਲਿਆ ਗਿਆ। ਪੁਲੀਸ ਦੀ ਵਿਸ਼ੇਸ਼ ਚੈਕਿੰਗ ਦੌਰਾਨ ਜੇਲ੍ਹ ’ਚੋ ਮੋਬਾਈਲ ਫੋਨ, ਸਿਮ ਕਾਰਡ, ਚਾਰਜ਼ਰ ਆਦਿ ਬਰਾਮਦ ਹੋਣਾ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ।