ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 1 ਅਗਸਤ
ਥਾਣਾ ਸਿਟੀ ਧੂਰੀ ਦੀ ਪੁਲੀਸ ਨੇ ਲੁੱਟ-ਖੋਹ ਅਤੇ ਚੋਰੀਆਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਦੁਪਹਿਰ ਬਾਅਦ ਸਿਟੀ ਧੂਰੀ ਦੇ ਐੱਸਐੱਚਓ ਹਰਜਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਮੌਕੇ ਦੱਸਿਆ ਕਿ ਪੁਲੀਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ਼ ਛੇੜੀ ਮੁਹਿੰਮ ਤਹਿਤ ਡੀਐੱਸਪੀ ਧੂਰੀ ਦੀ ਅਗਵਾਈ ਹੇਠ ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਵਾਰਦਾਤ ਦੀ ਤਿਆਰੀ ਕਰਦਿਆਂ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੂੰ ਆਪਣੀ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਇਤਲਾਹ ਮਿਲੀ ਸੀ ਕਿ ਲੁੱਟ-ਖੋਹ ਤੇ ਚੋਰੀਆਂ ਕਰਨ ਵਾਲੇ ਗਰੋਹ ਦੇ ਪੰਜ ਵਿਅਕਤੀ ਸ਼ਹਿਰੋਂ ਬਾਹਰ ਅਨਾਜ ਮੰਡੀ ਨੇੜੇ ਰੇਲਵੇ ਲਾਈਨ ਕੋਲ ਬੈਠੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ।
ਪੁਲੀਸ ਨੇ ਰਵੀ ਵਾਸੀ ਜੋਗੀ ਬਸਤੀ, ਧੂਰੀ, ਕਿਰਨਦੀਪ ਸਿੰਘ ਵਾਸੀ ਮਾਧੋਪੁਰੀ ਮੁਹੱਲਾ ਧੂਰੀ, ਰਾਹੁਲ ਕੁਮਾਰ, ਕਰਮਜੀਤ ਸਿੰਘ ਉਰਫ ਮਨੀ ਵਾਸੀਆਨ ਸੰਗਰੂਰ ਅਤੇ ਅੰਮ੍ਰਿਤਪਾਲ ਸਿੰਘ ਉਰਫ ਲਾਡੀ ਵਾਸੀ ਮੰਗਵਾਲ ਨੂੰ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਹੇਠ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਪੰਜ ਕਿਸਮ ਦੇ ਹਥਿਆਰ ਬਰਾਮਦ ਕੀਤੇ ਹਨ। ਸ੍ਰੀ ਢਿੱਲੋਂ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਲੁੱਟ-ਖੋਹ ਅਤੇ ਚੋਰੀ ਦੇ ਕੇਸ ਦਰਜ ਹਨ।