ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 28 ਜੂਨ
ਚੀਮਾ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਗਰੋਹ ਦੇ ਦੋ ਹੋਰ ਮੈਂਬਰਾਂ ਦੀ ਪੁਲੀਸ ਵੱਲੋਂ ਭਾਲ ਜਾਰੀ ਹੈ।
ਥਾਣਾ ਚੀਮਾ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ ਸਾਰੇ ਵਾਸੀ ਪਿੰਡ ਸ਼ੇਰੋਂ, ਅਮਰਿੰਦਰ ਸਿੰਘ ਘੁੱਗੀ ਤੇ ਬਲਜੀਤ ਕੌਰ ਉਰਫ ਬੰਸੋ ਵਾਸੀ ਇੰਦਰਾ ਬਸਤੀ ਸੁਨਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਰੋਹ ਦੇ ਦੋ ਹੋਰ ਮੈਂਬਰ ਕਾਕਾ ਸਿੰਘ ਅਤੇ ਕੁਲਬੀਰ ਸਿੰਘ ਪੁਲੀਸ ਦੀ ਗ੍ਰਿਫਤ ਤੋਂ ਅਜੇ ਬਾਹਰ ਹਨ ਤੇ ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭੀਮ ਸਿੰਘ ਵਾਸੀ ਸ਼ੇਰੋਂ ਦੇ ਬਿਆਨਾਂ ਦੇ ਆਧਾਰ ’ਤੇ ਇਨ੍ਹਾਂ ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ ਤੇ ਇਨ੍ਹਾਂ ਕੋਲੋਂ ਪੰਦਰਾਂ ਸੌ ਰੁਪਏ ਨਕਦ, ਮੋਟਰਸਾਈਕਲ, ਸਕੂਟੀ, ਬੱਕਰੀ, ਮੋਬਾਈਲ, ਚਾਂਦੀ ਦਾ ਕੜਾ, ਦੋ ਚੂੜੀਆਂ ਤੇ ਚਾਂਦੀ ਦੀਆਂ ਝਾਂਜਰਾਂ ਬਰਾਮਦ ਕੀਤੀਆਂ ਗਈਆਂ ਹਨ।