ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਕਤੂਬਰ
ਇਥੇ ਗੁਰੂ ਨਾਨਕ ਸਰਾਂ ਦੀ ਇਮਾਰਤ ਨੂੰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਤੋਂ ਖਾਲੀ ਕਰਾਉਣ ਲਈ ਦੋ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵਲੋਂ ਚੱਲ ਰਿਹਾ ਮਰਨ ਵਰਤ ਅਤੇ ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ ਹੈ। ਲੋਕ ਭਲਾਈ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ ਮਰਨ ਵਰਤ ਅਤੇ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੇ ਪ੍ਰਧਾਨ ਸਤਿੰਦਰ ਸੈਣੀ ਭੁੱਖ ਹੜਤਾਲ ’ਤੇ ਬੈਠੇ ਹਨ। ਅੱਜ ਪੰਜ ਸਾਬਕਾ ਨਗਰ ਕੌਂਸਲਰਾਂ ਨੇ ਮਰਨ ਵਰਤ ਕੈਂਪ ਵਿੱਚ ਪੁੱਜ ਕੇ ਸੰਘਰਸ਼ ਦੀ ਹਮਾਇਤ ਕੀਤੀ। ਇਨ੍ਹਾਂ ਸਾਬਕਾ ਕੌਂਸਲਰਾਂ ਵਿੱਚ ਹਰਿੰਦਰਪਾਲ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਬੱਬੂ ਸੈਣੀ, ਅਸ਼ੋਕ ਕੁਮਾਰ, ਨਛੱਤਰ ਸਿੰਘ ਅਤੇ ਜੋਗਿੰਦਰ ਕਾਲਾ ਸ਼ਾਮਲ ਹਨ।
ਇਸੇ ਦੌਰਾਨ ਮਰਨ ਵਰਤ ਅਤੇ ਭੁੱਖ ਹੜਤਾਲ ’ਤੇ ਬੈਠੇ ਸਮਾਜ ਸੇਵੀ ਬੀਤੀ ਸ਼ਾਮ ਅਤੇ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਉਡੀਕਦੇ ਰਹੇ ਪਰ ਹਲਕਾ ਵਿਧਾਇਕਾ ਨਾ ਪਹੁੰਚੀ। ਭੁੱਖ ਹੜਤਾਲ ’ਤੇ ਬੈਠੇ ਸਤਿੰਦਰ ਸੈਣੀ ਨੇ ਦੱਸਿਆ ਕਿ ਹਲਕਾ ਵਿਧਾਇਕਾ ਨੇ ਆਉਣਾ ਸੀ ਪਰ ਗੱਲਬਾਤ ਦੌਰਾਨ ਵਿਧਾਇਕਾ ਨੇ ਕਿਹਾ ਹੈ ਕਿ ਉਹ ਪ੍ਰਸ਼ਾਸਨ ਨਾਲ ਮਾਮਲੇ ਬਾਰੇ ਗੱਲ ਕਰ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਦਾ ਦੋਸ਼
ਸੰਘਰਸ਼ ਕਰ ਰਹੇ ਦੋਵੇਂ ਆਗੂਆਂ ਨੇ ਕਿਹਾ ਕਿ ਗੁਰੂ ਨਾਨਕ ਸਰਾਂ ਦੀ ਬਹਾਲੀ ਪੂਰੇ ਸ਼ਹਿਰ ਦੀ ਮੰਗ ਹੈ। ਇਸ ਮੰਗ ਨੂੰ ਕੁਝ ਲੋਕਾਂ ਦੀ ਮੰਗ ਕਹਿਣ ਵਾਲੇ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨੂੰ ਕਿਸੇ ਹੋਰ ਇਮਾਰਤ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਸਿਵਲ ਹਸਪਤਾਲ ਵਿੱਚ ਵੀ ਨਸ਼ਾ ਛੁਡਾਊ ਕੇਂਦਰ ਮੌਜੂਦ ਹੈ ਜਿਥੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਤਬਦੀਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਨਾਲ ਸਬੰਧਤ ਚਾਰ ਸਾਬਕਾ ਨਗਰ ਕੌਂਸਲਰਾਂ ਅਤੇ ਇੱਕ ਆਜ਼ਾਦ ਸਾਬਕਾ ਕੌਂਸਲਰ ਨੇ ਪੁੱਜ ਕੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਇਸ ਮੌਕੇ ਮਰਨ ਵਰਤ ’ਤੇ ਬੈਠੇ ਗੁਰਨਾਮ ਸਿੰਘ ਭਿੰਡਰ ਦੀਆਂ ਧੀਆਂ ਪਰਮਜੀਤ ਕੌਰ, ਚਰਨਜੀਤ ਕੌਰ ਅਤੇ ਜਸਵਿੰਦਰ ਕੌਰ ਵੀ ਪੁੱਜੀਆਂ ਹੋਈਆਂ ਸਨ।