ਪੱਤਰ ਪੇ੍ਰਕ
ਭਵਾਨੀਗੜ੍ਹ, 14 ਜੂਨ
ਪਿਛਲੇ ਪੰਜ ਦਿਨਾਂ ਤੋਂ ਖੇਤਾਂ ਵਾਲੀ ਬਿਜਲੀ ਸਪਲਾਈ ਠੱਪ ਹੋਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਇੱਥੋਂ ਨੇੜਲੇ ਪਿੰਡ ਬਖੋਪੀਰ ਵਿਖੇ ਪਾਵਰਕੌਮ ਦੇ ਗਰਿੱਡ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਕਿਸਾਨ ਦਲਵੀਰ ਸਿੰਘ, ਲਖਵੀਰ ਸਿੰਘ, ਗੁਰਜੀਵਨ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਗੁਰਮੇਲ ਸਿੰਘ, ਹਰਜਿੰਦਰ ਸਿੰਘ ਲਵਲੀ, ਸਿਮਰ ਗਰੇਵਾਲ, ਲਾਲਬਿੰਦਰ ਲਾਲੀ ਅਤੇ ਹਨੀ ਗਰੇਵਾਲ ਨੇ ਦੱਸਿਆ ਕਿ 9 ਜੂਨ ਨੂੰ ਆਏ ਝੱਖੜ ਨਾਲ ਬਿਜਲੀ ਦੇ ਖੰਭੇ ਤੇ ਤਾਰਾਂ ਟੁੱਟ ਜਾਣ ਕਾਰਨ ਬਖੋਪੀਰ ਗਰਿੱਡ ਅਧੀਨ ਪੈਂਦੇ ਗਹਿਲਾਂ ਫੀਡਰ ਦੇ ਪਿੰਡਾਂ ਵਿੱਚ ਖੇਤਾਂ ਵਾਲੀ ਬਿਜਲੀ ਸਪਲਾਈ ਬੰਦ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਝੋਨੇ ਦੀ ਲਵਾਈ ਰੁਕ ਗਈ ਹੈ ਅਤੇ ਹੋਰ ਫਸਲਾਂ ਵੀ ਸੁੱਕ ਰਹੀਆਂ ਹਨ।
ਕਿਸਾਨਾਂ ਨੇ ਕਿਹਾ ਕਿ ਪਾਵਰਕੌਮ ਵੱਲੋਂ ਲਾਈਨਾਂ ਠੀਕ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ, ਜਦੋਂ ਕਿ ਕਿਸਾਨ ਆਪ ਬਿਜਲੀ ਦੇ ਖੰਭੇ ਖੜ੍ਹੇ ਕਰ ਰਹੇ ਹਨ।
ਉਨ੍ਹਾਂ ਪਾਵਰਕੌਮ ਅਧਿਕਾਰੀਆਂ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਅੱਜ ਸ਼ਾਮ ਤੱਕ ਬਿਜਲੀ ਸਪਲਾਈ ਸ਼ੁਰੂ ਨਾ ਕੀਤੀ ਗਈ ਤਾਂ ਉਹ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਗੇ। ਇਸੇ ਦੌਰਾਨ ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਝੱਖੜ ਕਾਰਨ ਵੱਡੀ ਗਿਣਤੀ ਵਿੱਚ ਟੁੱਟੇ ਖੰਭੇ ਤੇ ਤਾਰਾਂ ਨੂੰ ਮੁਲਾਜ਼ਮ ਕਿਸਾਨਾਂ ਦੇ ਸਹਿਯੋਗ ਨਾਲ ਠੀਕ ਕਰ ਰਹੇ ਹਨ, ਪਰ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਣ ਸਮਾਂ ਵੱਧ ਲੱਗ ਰਿਹਾ ਹੈ।