ਪੱਤਰ ਪ੍ਰੇਰਕ
ਭਵਾਨੀਗੜ੍ਹ, 31 ਅਗਸਤ
ਇੱਥੋਂ ਨੇੜਲੇ ਪਿੰਡ ਕਾਕੜਾ ਤੋਂ ਫੱਗੂਵਾਲਾ ਤਕ ਬਣਾਈ ਲਿੰਕ ਸੜਕ ਦੇ ਵਿਚਕਾਰ ਖੜ੍ਹੇ ਬਿਜਲੀ ਦੇ ਖੰਭਿਆਂ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖ਼ਬਰ ਤੋਂ ਬਾਅਦ ਪਾਵਰਕੌਮ ਵੱਲੋਂ ਇਹ ਖੰਭੇ ਪੁੱਟ ਕੇ ਸੜਕ ਦੇ ਪਾਸੇ ’ਤੇ ਗੱਡ ਦਿੱਤੇ ਗਏ ਹਨ। ਇੱਥੇ ਦੱਸਣਯੋਗ ਹੈ ਕਿ ਇਸ ਸਬੰਧੀ 20 ਅਗਸਤ ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਛਪੀ ਸੀ ਕਿ ਨਵੀਂ ਬਣੀ ਸੜਕ ਦੇ ਵਿਚਕਾਰ ਖੜ੍ਹੇ ਬਿਜਲੀ ਦੇ ਖੰਭੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਇਨ੍ਹਾਂ ਖੰਭਿਆਂ ਨੂੰ ਲੈ ਕੇ ਚਰਚਾ ਛਿੜੀ ਰਹੀ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੰਭੇ ਪੁੱਟਣ ਸਬੰਧੀ ਪਾਵਰਕੌਮ ਕੋਲ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ ਹਨ, ਪਰ ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਕਮੇ ਕੋਲ ਪੈਸੇ ਨਹੀਂ ਆਏ। ਇਸੇ ਦੌਰਾਨ ਅੱਜ ਕਾਂਗਰਸੀ ਆਗੂ ਗਗਨਦੀਪ ਸਿੰਘ ਗੋਲਡੀ ਕਾਕੜਾ ਨੇ ਜਾਣਕਾਰੀ ਦਿੱਤੀ ਕਿ ਕਾਕੜਾ ਤੋਂ ਫੱਗੂਵਾਲਾ ਲਿੰਕ ਸੜਕ ਵਿਚਾਲੇ ਖੜ੍ਹੇ ਬਿਜਲੀ ਦੇ ਖੰਭੇ ਪੁੱਟ ਕੇ ਪਾਸੇ ’ਤੇ ਲਗਾ ਦਿੱਤੇ ਗਏ ਹਨ।