ਹਰਦੀਪ ਸਿੰਘ ਸੋਢੀ
ਧੂਰੀ, 20 ਜਨਵਰੀ
ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਧੂਰੀ ਤੋਂ ਵਿਧਾਨ ਚੋਣ ਲੜਾਉਣ ਦੇ ਫੈਸਲੇ ਉੱਪਰ ਟਿੱਪਣੀ ਕਰਦਿਆਂ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਮਾਨ ਦੇ ਧੂਰੀ ਤੋਂ ਚੋਣ ਲੜਨ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਹੁਣ ਚੋਣ ਵਿੱਚ ਸਿਆਸੀ ਲੜਾਈ ਘਰਦੇ ਤੇ ਬਾਹਰਲੇ ਉਮੀਦਵਾਰ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਧੂਰੀ ਦੇ ਲੋਕ ਵੀ ਜਲਾਲਾਬਾਦ ਵਾਲੀ ਕਹਾਣੀ ਜਿੱਥੇ ਮਾਨ ਵਿਧਾਨ ਸਭਾ ਚੋਣ ਹਾਰ ਗਏ ਸਨ, ਮੁੜ ਦੁਹਰਾਉਣਗੇ। ਉਨ੍ਹਾਂ ਕਿਹਾ ਭਗਵੰਤ ਮਾਨ ਦਾ ਧੂਰੀ ਅੰਦਰ ਸਵਾਗਤ ਕਰਨਗੇ ਤੇ ਧੂਰੀ ਦੇ ਲੋਕ ਕਾਂਗਰਸ ਪਾਰਟੀ ਦੇ ਵਿਕਾਸ ਕੰਮਾਂ ਉੱਪਰ ਆਪਣੀ ਮੋਹਰ ਲਾਉਣਗੇ। ਉਨ੍ਹਾਂ ਕਿਹਾ ਕਿ ਮਾਨ ਦੀ ਸੰਸਦ ਮੈਂਬਰ ਵਜੋਂ ਕਾਰਗੁਜ਼ਾਰੀ ਲੋਕਾਂ ਸਾਹਮਣੇ ਹੈ, ਉਹ ਹੁਣ ਤੱਕ ਸਿਰਫ ਦੋ ਵਾਰ ਧੂਰੀ ਅੰਦਰ ਆਏ ਹਨ ਤੇ ਅਪਣੇ ਗੋਦ ਲਏ ਬੇਨੜਾ ਪਿੰਡ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੋਲ ਚੋਣਾਂ ਲੜਨ ਲਈ ਕੋਈ ਮੁੱਦਾ ਨਹੀਂ ਸਿਰਫ ਵੱਡੇ ਵੱਡੇ ਦਾਅਵੇ ਹਨ ਪਰ ਸ਼ਹਿਰ ਦੇ ਲੋਕ ਇਸ ਝੂਠ ਦੇ ਸੱਚ ਦੀ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇ ਕੇ ਮਾਨ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਆਪ ਕੋਲ ਸ਼ਹਿਰ ਅੰਦਰ ਕੋਈ ਉਮੀਦਵਾਰ ਨਾ ਹੋਣ ਕਾਰਨ ਬਾਹਰਲੇ ਉਮੀਦਵਾਰ ਭਗਵੰਤ ਮਾਨ ਨੂੰ ਉਨ੍ਹਾਂ ਦੇ ਮੁਕਾਬਲੇ ਧੂਰੀ ਤੋਂ ਚੋਣ ਲੜਾਈ ਜਾ ਰਹੀ ਹੈ।