ਜਗਤਾਰ ਸਿੰਘ ਨਹਿਲ
ਲੌਂਗੋਵਾਲ, 24 ਅਕਤੂਬਰ
ਇੱਥੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਇੱਥੋਂ ਦੇ ਕਾਰੋਬਾਰੀ ਹੇਮ ਰਾਜ ਫੀਲਾ ਦੀ ਡੇਂਗੂ ਦੀ ਬਿਮਾਰੀ ਕਾਰਨ ਮੌਤ ਹੋ ਗਈ। ਇਸ ਤਰ੍ਹਾਂ ਲੌਂਗੋਵਾਲ ’ਚ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹੇਮ ਰਾਜ ਫੀਲਾ (58) 22 ਅਕਤੂਬਰ ਨੂੰ ਬਿਮਾਰ ਹੋਇਆ ਸੀ। ਡੇਂਗੂ ਦੀ ਪੁਸ਼ਟੀ ਤੋਂ ਬਾਅਦ ਉਸ ਨੂੰ ਲੌਂਗੋਵਾਲ ਦੇ ਨਿੱਜੀ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਲਈ ਲਿਜਾਇਆ ਗਿਆ ਪ੍ਰੰਤੂ ਅਗਲੇ ਦਿਨ ਹਾਲਤ ਜ਼ਿਆਦਾ ਵਿਗੜਨ ’ਤੇ ਉਸ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਲੁਧਿਆਣਾ ਦਾਖ਼ਲ ਕਰਵਾਇਆ ਗਿਆ, ਜਿੱਥੇ ਕੁਝ ਘੰਟਿਆਂ ਦੇ ਇਲਾਜ ਪਿੱਛੋਂ ਉਹ ਦੇਰ ਰਾਤ ਦਮ ਤੋੜ ਗਏ। ਸਮੁੱਚੇ ਹਾਲਾਤ ’ਤੇ ਨਜ਼ਰਸਾਨੀ ਲਈ ਅੱਜ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਪ੍ਰਮਿੰਦਰ ਕੌਰ ਅਤੇ ਡਾ. ਜਗਮੋਹਨ ਸਰਕਾਰੀ ਹਸਪਤਾਲ ਲੌਂਗੋਵਾਲ ਪੁੱਜੇ ਅਤੇ ਉਨ੍ਹਾਂ ਐੱਸ.ਐੱਮ.ਓ. ਲੌਂਗੋਵਾਲ ਤੋਂ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਐੱਸ.ਐੱਮ.ਓ. ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਲੰਘੇ ਦਿਨ ਡੇਂਗੂ ਦੇ ਲਏ ਗਏ ਨਮੂਨਿਆਂ ਵਿੱਚੋਂ 17 ਮਰੀਜ਼ਾਂ ਦੇ ਨਮੂਨੇ ਪਾਜ਼ੇਟਿਵ ਆਏ ਹਨ। ਜਿਨਾਂ ਵਿੱਚੋਂ 4 ਮਰੀਜ਼ਾਂ ਨੂੰ ਬਿਹਤਰ ਇਲਾਜ ਲਈ ਸੰਗਰੂਰ ਦੇ ਸਿਵਲ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ 20 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਹਨ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ। ਇਸ ਦੇ ਨਾਲ ਹੀ ਦਵਾਈ ਦਾ ਛਿੜਕਾਅ ਅਤੇ ਲਾਰਵੇ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਸਲਾਈਟ ਸਥਿਤ ਕੇਂਦਰੀ ਵਿਦਿਆਲਿਆ ਦੇ ਕੁਝ ਵਿਦਿਆਰਥੀ ਵੀ ਡੇਂਗੂ ਦੀ ਲਪੇਟ ’ਚ ਆਏ ਦੱਸੇ ਜਾਂਦੇ ਹਨ। ਵਿਦਿਆਰਥੀਆਂ ਦੇ ਮਾਪਿਆਂ ਨੇ ਵਿਦਿਆਲਿਆ ’ਚ ਮੱਛਰ ਦੀ ਬਹੁਤਾਤ ਹੋਣ ਦੇ ਦੋਸ਼ ਲਾਏ ਹਨ। ਇੱਥੋਂ ਦੇ ਨਵੋਦਿਆ ਵਿਦਿਆਲਿਆ ’ਚੋਂ ਵੀ ਇੱਕ ਡੇਂਗੂ ਪੀੜਤ ਵਿਅਕਤੀ ਨੂੰ ਇਲਾਜ ਲਈ ਰੈਫਰ ਕੀਤਾ ਗਿਆ ਹੈ।