ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 6 ਅਗਸਤ
ਇਥੇ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿੱਚ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੀ ਸਮੁੱਚੀ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ ਅਨੂ ਬਾਲਾ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਤੀਜ ਦੀਆ ਸ਼ੁਭਕਾਮਨਾਵਾਂ ਦਿੱਤੀਆ। ਪ੍ਰੋਗਰਾਮ ਨੂੰ ਵਿਸ਼ੇਸ ਬਣਾਉਣ ਲਈ ਅਧਿਆਪਕ ਅਤੇ ਵਿਦਿਆਰਥਣਾਂ ਸਭਿਆਚਾਰਕ ਪਹਿਰਾਵੇ ਵਿੱਚ ਸੰਸਥਾ ਵਿੱਚ ਪਹੁੰਚੀਆਂ। ਇਸ ਮੌਕੇ ਵਿਦਿਆਰਥਣਾਂ ਨੇ ਲੋਕ ਗੀਤ, ਬੋਲੀਆਂ, ਡਾਂਸ, ਗਿੱਧਾ, ਭੰਗੜਾ ਪੇਸ਼ ਕਰ ਕੇ ਆਪਣੀ ਕਲਾ ਦਾ ਪ੍ਰਦਰਸਨ ਕੀਤਾ। ਇੱਕ ਪੰਜਾਬੀ ਪਿੰਡ ਦੀ ਝਲਕ ਦਿਖਾਉਣ ਲਈ ਪ੍ਰੋਗਰਾਮ ਵਿੱਚ ਫੁਲਕਾਰੀਆਂ, ਚਰਖੇ, ਚਾਟੀ, ਮਧਾਣੀਆਂ ਸਜਾਈਆਂ ਗਈਆਂ।
ਦੇਵੀਗੜ੍ਹ (ਪੱਤਰ ਪ੍ਰੇਰਕ): ਇਥੇ ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ, ਜੁਲਾਹਖੇੜੀ ਵਿੱਚ ਤੀਜ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਗਿੱਧਾ, ਭੰਗੜਾ, ਅਤੇ ਵੱਖ ਵੱਖ ਤਰ੍ਹਾਂ ਦੇ ਆਈਟਮ ਪੇਸ਼ ਕੀਤੇ ਗਏ। ਜਿਸ ਵਿੱਚ ਪ੍ਰੋਪਰੇਟਰੀ, ਵਿੰਗ ਦੇ ਬੱਚਿਆਂ ਵੱਲੋਂ ਮਾਡਲਿੰਗ ਵੀ ਕੀਤੀ ਗਈ। ਇਸ ਮੌਕੇ ਬੱਚਿਆਂ ਵੱਲੋਂ ਦਸਤਾਰ ਸਜਾਉਣ, ਫੁਲਕਾਰੀ ਕੱਢਣ, ਤੇ ਮਹਿੰਦੀ ਲਗਾਉਣ ਦੇ ਮੁਕਾਬਲਿਆਂ ’ਚ ਹਿੱਸਾ ਲਿਆ।
ਧੂਰੀ(ਖੇਤਰੀ ਪ੍ਰਤੀਨਿਧ): ਆਰੀਆ ਕਾਲਜ ਧੂਰੀ ਵਿੱਚ ਤੀਜ ਦਾ ਤਿਉਹਾਰ ਸ਼ਮਿੰਦਰ ਕੌਰ ਪ੍ਰਿੰਸੀਪਲ ਅਤੇ ਮਨੀ ਸ਼ਰਮਾ ਦੀ ਅਗਵਾਈ ਵਿੱਚ ਕੀਤਾ ਸਟੇਜ ਸਕੱਤਰ ਵਜੋਂ ਰਿਧੀਮਾ ਪਾਲ ਸਿੰਗਲਾ ਦੀ ਅਗਵਾਈ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਨੀਲਮ ਅਤਰੀ ਸਮਾਜ ਸੇਵਕਾ ਅਤੇ ਉਨ੍ਹਾਂ ਦੇ ਨਾਲ ਨੀਲਮ ਸ਼ਰਮਾ, ਕੁਸਮ ਗਰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਇਸ ਸਮੇਂ ਉਨ੍ਹਾਂ ਵਲੋਂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਲਲਿਤ ਕੁਮਾਰ ਕਲਰਕ, ਗੀਤਾ, ਸੁਰੇਸ਼ ਗਰਗ, ਜਸਵਿੰਦਰ ਕੌਰ, ਪ੍ਰਿਤਪਾਲ ਕੌਰ, ਸੁਮਿਤ ਸ਼ਰਮਾ, ਜਸਪ੍ਰੀਤ ਕੌਰ, ਮਨੀ ਗਰਗ, ਕੋਮਲ ਨੇ ਆਪਣੀ ਹਾਜ਼ਰੀ ਲਗਵਾਈ।
ਜਸ਼ਨਪ੍ਰੀਤ ਕੌਰ ਨੂੰ ‘ਮਿਸ ਤੀਜ’ ਐਲਾਨਿਆ
ਸੰਗਰੂਰ(ਪੱਤਰ ਪ੍ਰੇਰਕ): ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਸੰਸਥਾ ਪ੍ਰਧਾਨ ਦਿਨੇਸ਼ ਗੋਇਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੌਰਾਨ ਸਕੂਲੀ ਬੱਚਿਆਂ ਨੇ ਗਿੱਧਾ, ਭੰਗੜਾ ਅਤੇ ਲੋਕ ਬੋਲੀਆਂ ਵਿੱਚ ਭਾਗ ਲਿਆ। ਸੰਸਥਾ ਪ੍ਰਧਾਨ ਸ੍ਰੀ ਗੋਇਲ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਸਮੇਂ ਸਮੇਂ ’ਤੇ ਅਜਿਹੇ ਸਮਾਗਮ ਕਰਵਾਏ ਜਾਂਦੇ ਰਹਿੰਦੇ ਹਨ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ। ਸਮਾਗਮ ਦੇ ਅੰਤ ਵਿਚ 11ਵੀਂ ਜਮਾਤ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ‘ਮਿਸ ਤੀਜ’ ਐਲਾਨਿਆ ਗਿਆ | ਇਸ ਤੋਂ ਇਲਾਵਾ ਮਹਿੰਦੀ ਪ੍ਰਤੀਯੋਗਤਾ ਵਿਚ 11ਵੀਂ ਜਮਾਤ ਦੀ ਅੰਮ੍ਰਿਤ ਕੌਰ ਨੇ ਪਹਿਲਾ, ਖੁਸ਼ਪ੍ਰੀਤ ਸ਼ਰਮਾਂ ਨੇ ਦੂਜਾ ਅਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਕਾਲਜ ਵਿੱਚ ਤੀਆਂ ਮਨਾਈਆਂ
ਸੰਦੌੜ (ਪੱਤਰ ਪ੍ਰੇਰਕ): ਡਾ. ਜਗਜੀਤ ਸਿੰਘ ਡਾਇਰੈਕਟਰ ਮਾਡਰਨ ਗਰੁੱਪ ਆਫ਼ ਇੰਸਟੀਚਿਊਸਨਜ਼ ਦੀ ਅਗਵਾਈ ਹੇਠ ਮਾਡਰਨ ਕਾਲਜ ਆਫ਼ ਐਜੂਕੇਸ਼ਨ (ਲੜਕੀਆਂ) ਸ਼ੇਰਗੜ੍ਹ ਚੀਮਾ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਦੇ ਵਿਹੜੇ ਵਿੱਚ ਮਨਾਏ ਤੀਜ ਦੇ ਤਿਉਹਾਰ ਮੌਕੇ ਖੂਬ ਰੌਣਕਾਂ ਲੱਗੀਆਂ ਅਤੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਨੇ ਪੰਜਾਬੀ ਪਰੰਪਰਾ ਦੇ ਸੁੰਦਰ ਪਹਿਰਾਵੇ ਪਹਿਨ ਕੇ ਇਸ ਤਿਓਹਾਰ ਦਾ ਆਨੰਦ ਮਾਣਿਆ।