ਮੇਜਰ ਸਿੰਘ ਮੱਟਰਾਂ
ਭਵਾਨੀਗੜ, 12 ਅਪਰੈਲ
ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਸੰਗਰੂਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਕਿ ਉਹ ਹਜ਼ਾਰਾਂ ਪ੍ਰਾਈਵੇਟ ਬੱਸ ਅਪਰੇਟਰਾਂ ਦੇ ਖਤਮ ਹੋਣ ਜਾ ਰਹੇ ਰੁਜ਼ਗਾਰ ਨੂੰ ਬਚਾਉਣ ਲਈ ਉਚੇਚੇ ਤੌਰ ’ਤੇ ਕਦਮ ਚੁੱਕਣ।
ਇੱਥੇ ਅੱਜ ਸੰਯੁਕਤ ਪ੍ਰੈਸ ਕਲੱਬ ਵਿੱਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗਮਦੂਰ ਸਿੰਘ ਫੱਗੂਵਾਲਾ, ਭੁਪਿੰਦਰ ਸਿੰਘ ਰੰਧਾਵਾ ਅਤੇ ਅਜੀਤ ਸਿੰਘ ਖੱਟੜਾ ਨੇ ਕਿਹਾ ਕਿ ਪ੍ਰਾਈਵੇਟ ਬੱਸਾਂ ਵਾਲੇ 90 ਫ਼ੀਸਦੀ ਅਪਰੇਟਰ ਆਪਣਾ ਬਣਦਾ ਟੈਕਸ ਭਰਨ ਦੇ ਬਾਵਜੂਦ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ। ਉੁਨ੍ਹਾਂ ਕਿਹਾ ਕਿ ਔਰਤਾਂ ਨੂੰ ਮੁਫਤ ਬੱਸ ਸਹੂਲਤ ਦੇਣ ਦੀ ਸੁਵਿਧਾ ਸਿਰਫ ਸਰਕਾਰੀ ਬੱਸਾਂ ਨੂੰ ਦੇਣ ਕਾਰਨ ਪ੍ਰਾਈਵੇਟ ਬੱਸਾਂ ਦਾ ਧੰਦਾ ਠੱਪ ਹੋ ਗਿਆ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਬੱਸ ਅਪਰੇਟਰਾਂ ਨਾਲ ਮੀਟਿੰਗ ਕਰਕੇ ਭਖਦੇ ਮਸਲੇ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਰਿੰਦਰਪਾਲ ਸਿੰਘ ਗਰੇਵਾਲ, ਜੋਗਿੰਦਰ ਸਿੰਘ ਮੇਲੀ, ਚੰਦ ਸਿੰਘ ਫੱਗੂਵਾਲਾ, ਦਿਆ ਕਰਨ ਘੁਮਾਣ, ਕਰਮਜੀਤ ਸਿੰਘ, ਭਰਪੂਰ ਸਿੰਘ, ਗੁਰਵਿੰਦਰ ਸਿੰਘ ਧਾਲੀਵਾਲ, ਕਰਤਾਰ ਸਿੰਘ ਚਾਵਲਾ ਆਦਿ ਵੀ ਹਾਜ਼ਰ ਸਨ।