ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਦਸੰਬਰ
ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰਨ ਤੋਂ ਬਾਅਦ ਮੋਰਚਾ ਫਤਿਹ ਕਰ ਕੇ ਆਏ ਕਿਸਾਨਾਂ ਦਾ ਅੱਜ ਵੱਖ-ਵੱਖ ਥਾਈਂ ਭਰਵਾਂ ਸਵਾਗਤ ਕੀਤਾ ਗਿਆ। ਕਿਸਾਨਾਂ ਦੇ ਘਰ ਪਰਤਣ ’ਤੇ ਮਠਿਆਈਆਂ ਵੰਡੀਆਂ ਗਈਆਂ ਤੇ ਪਟਾਖੇ ਚਲਾਏ ਗਏ।
ਕਿਸਾਨ ਜਦੋਂ ਸੰਗਰੂਰ ਬਾਈਪਾਸ ’ਤੇ ਪਹੁੰਚੇ ਤਾਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਥੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਆਮ ਲੋਕਾਂ ਵੱਲੋਂ ਕਿਸਾਨੀ ਮੋਰਚੇ ਦੇ ਯੋਧਿਆਂ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਕਿਸਾਨਾਂ ਦੇ ਫਤਿਹ ਮਾਰਚ ਦੇ ਰੂਪ ਵਿੱਚ ਆਉਣ ਮੌਕੇ ਅਧਿਆਪਕਾਂ ਵੱਲੋਂ ਵੀ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਬੈਨਰ ਹੇਠ ਵੱਖ-ਵੱਖ ਥਾਈਂ ਕਿਸਾਨ ਕਾਫਲਿਆਂ ਦਾ ਜੇਤੂ ਅੰਦਾਜ਼ ਵਿਚ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡੀ.ਟੀ.ਐੱਫ. ਵੱਲੋਂ ਕਿਸਾਨੀ ਘੋਲ ਵਿੱਚ ਸ਼ੁਰੂ ਤੋਂ ਹੀ ਹਰੇਕ ਪੱਖੋਂ ਬੱਝਵਾਂ ਹਿੱਸਾ ਪਾਇਆ ਜਾਂਦਾ ਰਿਹਾ ਹੈ। ਕਿਸਾਨ ਘੋਲ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੰਯੁਕਤ ਕਿਸਾਨ ਮੋਰਚਾ (ਲੀਗਲ ਸੈੱਲ) ਦੇ ਆਗੂ ਰਾਮਿੰਦਰ ਪਟਿਆਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਜਸਵੀਰ ਸਿੰਘ ਫਤਹਿਪੁਰ, ਕੁਲਵੀਰ ਟੋਡਰਪੁਰ, ਦਿਲਬਾਗ ਸਿੰਘ, ਨੰਬਰਦਾਰ ਕੁਲਦੀਪ ਸਿੰਘ ਖਾਂਗ ਆਦਿ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਪਿੰਡਾਂ ਵਿੱਚ ਦੀਪ ਮਾਲਾ ਕੀਤੀ; ਟਰੈਕਟਰਾਂ ’ਤੇ ਕੱਢਿਆ ਮਾਰਚ
ਸ਼ੇਰਪੁਰ (ਬੀਰਬਲ ਰਿਸ਼ੀ): ਦਿੱਲੀ ਤੋਂ ਜਿੱਤ ਪ੍ਰਾਪਤ ਕਰਕੇ ਵੱਖ-ਵੱਖ ਪਿੰਡਾਂ ਵਿੱਚ ਦੇਰ ਰਾਤ ਪੁੱਜੇ ਕਿਸਾਨ ਜਥਿਆਂ ਦਾ ਪਿੰਡਾਂ ਵਿੱਚ ਫੁੱਲਾਂ ਦੀ ਵਰਖਾ ਤੋਂ ਇਲਾਵਾ ਨਿੱਘਾ ਸਵਾਗਤ ਤੇ ਸਨਮਾਨ ਹੋਇਆ। ਖੁਸ਼ੀ ’ਚ ਖੀਵੇ ਕਿਸਾਨਾਂ, ਜਵਾਨਾਂ ਨੇ ਭੰਗੜੇ ਪਾਏ ਅਤੇ ਕਈ ਥਾਈਂ ਪਿੰਡਾਂ ਵਿੱਚ ਲੋਕਾਂ ਨੇ ਦੀਪ ਮਾਲਾ ਕਰਕੇ ਵੀ ਜਿੱਤ ਦੀ ਖੁਸ਼ੀ ਮਨਾਈ। ਪਿੰਡ ਘਨੌਰੀ ਕਲਾਂ ਵਿਖੇ ਪਿੰਡ ਦੇ ਲੋਕਾਂ ਨੇ ਦੇਰ ਰਾਤ ਪਰਤੇ ਕਿਸਾਨਾਂ ਨੂੰ ਪਿੰਡ ਦੀ ਹੱਦ ’ਤੇ ਘਨੌਰ ਕਲਾਂ ਦੇ ਅੱਡੇ ਤੋਂ ਮੋਟਰਸਾਈਕਲ, ਕਾਰਾਂ, ਜੀਪਾਂ ਤੇ ਟਰੈਕਟਰਾਂ ਦੇ ਕਾਫ਼ਲੇ ਵਿੱਚ ਭੰਗੜੇ ਪਾਉਂਦੇ ਹੋਏ ਪਿੰਡ ਵਿੱਚ ਲਿਆਂਦਾ। ਕਿਰਤੀ ਕਿਸਾਨ ਯੂਨੀਅਨ ਦੇ ਕਾਫ਼ਲੇ ਨਾਲ ਆਪਣੇ ਟਰੈਕਟਰ ਟਰਾਲੀ ਸਮੇਤ ਲਗਾਤਾਰ ਸਿੰਘੂ ਬਾਰਡਰ ’ਤੇ ਰਹੇ ਵਿੱਕੀ ਦੁੱਗਾਂ ਦੀਆਂ ਗੱਲਬਾਤ ਦੌਰਾਨ ਅੱਖਾਂ ਛਲਕ ਪਈਆਂ। ਉਸ ਨੇ ਦੱਸਿਆ ਕਿ ਇੱਕ ਅੜੀਅਲ ਪ੍ਰਧਾਨ ਮੰਤਰੀ ਤੋਂ ਮੰਗਾਂ ਮਨਵਾਈਆਂ ਗਈਆਂ ਹਨ।
ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਿਸਾਨਾਂ ਦਾ ਸਵਾਗਤ
ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਇਥੋਂ ਨੇੜਲੇ ਵੱਖ ਵੱਖ ਦਰਜਨਾਂ ਪਿੰਡਾਂ ਵਿਚ ਵਾਪਸ ਪਰਤੇ ਕਿਸਾਨਾਂ ਦੇ ਜਥਿਆਂ ਦਾ ਜਿਥੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਢੋਲ ਢਮੱਕਿਆਂ ਨਾਲ ਭਰਵਾਂ ਸਵਾਗਤ ਅਤੇ ਕਿਸਾਨ ਆਗੂਆਂ ਦਾ ਸਨਮਾਨ ਕੀਤਾ ਗਿਆ, ਉਥੇ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਦੇ ਕਿਸਾਨ ਆਗੂਆਂ ਦਾ ਜਥਿਆਂ ਸਮੇਤ ਸਥਾਨਕ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਪਹੁੰਚਣ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਕਿਸਾਨਾਂ ਦਾ ਅਕਾਲ ਕਾਲਜ ਕੌਂਸਲ ਵੱਲੋਂ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ।
ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਜੇਤੂ ਮਾਰਚ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਅੱਜ ਕਿਸਾਨ ਸੰਘਰਸ਼ ਵਿੱਚ ਸ਼ਾਮਲ ਕਿਸਾਨਾਂ ਦੇ ਕਾਫਲਿਆਂ ਦੇ ਸਵਾਗਤ ਵਿੱਚ ਜੇਤੂ ਮਾਰਚ ਕੀਤਾ ਗਿਆ। ਇਹ ਮਾਰਚ ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕੱਢਿਆ ਗਿਆ। ਮੋਟਰ ਸਾਈਕਲਾਂ ਅਤੇ ਕਾਰਾਂ ਦੇ ਵੱਡੇ ਕਾਫਲੇ ਨੇ ਨਾਅਰਿਆਂ ਨਾਲ ਅਤੇ ਲੱਡੂਆਂ ਨਾਲ ਰਾਹੀਆਂ ਦਾ ਮੂੰਹ ਮਿੱਠਾ ਕਰਾ ਕੇ ਕਿਸਾਨ ਘੋਲ ਦੇ ਜਿੱਤਣ ਦੀ ਖੁਸ਼ੀ ਮਨਾਈ।