ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ 6 ਅਕਤੂਬਰ
ਪਿਛਲੇ ਛੇ ਦਿਨਾਂ ਤੋਂ ਸੁਨਾਮ ਦੇ ਰੇਲਵੇ ਸਟੇਸ਼ਨ ਤੇ ਰੇਲਵੇ ਪਟੜੀ ਤੇ ਬੈਠੇ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨੀ ਸੰਘਰਸ਼ ਵਿਚ ਕਿਸਾਨ ਸੁਆਣੀਆਂ ਵੀ ਹੁਮ-ਹੁੰਮਾ ਕੇ ਸ਼ਮੂਲੀਅਤ ਕਰ ਰਹੀਆਂ ਹਨ। ਰੇਲ ਪਟੜੀ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਲ ਗੱਡੀਆਂ ਨੂੰ ਰਾਹ ਦੇਣ ਸਬੰਧੀ ਕੋਰੀ ਨਾਂਹ ਕਰ ਦਿੱਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਵੱਲੋਂ ਕਿਸਾਨਾਂ ਨੂੰ ਰਾਜ ਅੰਦਰ ਖਾਦਾਂ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਰੇਲ ਪਟੜੀਆਂ ’ਤੇ ਮਾਲ ਗੱਡੀਆਂ ਲੰਘਣ ਦੇਣ ਦੀ ਅਪੀਲ ਕੀਤੀ ਸੀ।
ਉਧਰ ਅੱਜ ਪੰਜਾਬ ਨੰਬਰਦਾਰਾ ਯੂਨੀਅਨ ਨੇ ਵੀ ਕਿਸਾਨਾਂ ਦੇ ਧਰਨੇ ਵਿੱਚ ਪੁੱਜ ਕੇ ਹਮਾਇਤ ਕਰ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਯਤਨਸ਼ੀਲ ਹਨ, ਪਰ ਜਥੇਬੰਦੀ ਅਜਿਹੇ ਲੋਕਾਂ ਦੇ ਮਨਸੂਬਿਆਂ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਸੁਚੇਤ ਕਰ ਚੁੱਕੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਉਕਤ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ਵਿੱਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ, ਕਿਸਾਨ ਮੋਦੀ ਸਰਕਾਰ ਦੇ ਅਜਿਹੇ ਮਨਸੂਬੇ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦੇਣਗੇ। ਇਸ ਮੌਕੇ ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ, ਨੰਬਰਦਾਰ ਰਣ ਸਿੰਘ ਮਹਿਲਾਂ, ਸੁਖਪਾਲ ਸਿੰਘ ਮਾਣਕ, ਪਾਲ ਦੌਲੇ ਵਾਲਾ, ਗੋਬਿੰਦ ਚੱਠੇ, ਰਾਮਪਾਲ ਸੁਨਾਮ, ਭਗਵਾਨ ਸਿੰਘ, ਅਜੈਬ ਸਿੰਘ ਜਖੇਪਲ ਨੇ ਵੀ ਸੰਬੋਧਨ ਕੀਤਾ।
ਪੰਪ ਮਾਲਕਾਂ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਗੱਲਬਾਤ ਬੇਸਿੱਟਾ
ਸ਼ੇਰਪੁਰ (ਬੀਰਬਲ ਰਿਸ਼ੀ); ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ੇਰਪੁਰ-ਕਾਤਰੋਂ ਸੜਕ ’ਤੇ ਸਥਿਤ ਐੱਸਆਰ ਪੈਟਰੋਲ ਪੰਪ ਅੱਗੇ ਲਗਾਇਆ ਪੱਕਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਉਂਜ ਧਰਨਿਆਂ ਦੀ ਸਮਾਂ ਸੀਮਾਂ ਅਣਮਿੱਥੇ ਸਮੇਂ ਤੱਕ ਅੱਗੇ ਵਧਾਏ ਜਾਣ ਸਬੰਧੀ ਜਥੇਬੰਦੀ ਦੇ ਲਏ ਫੈਸਲੇ ਨੇ ਪੰਪ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਅਕਾਲੀ ਦਲ ਡੈਮੋਕਰੇਟਿਕ ਦੇ ਮੋਹਰੀ ਆਗੂਆਂ ਦੀ ਸਾਂਝੀ ਹਿੱਸੇਦਾਰੀ ਵਾਲੇ ਇਸ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਇਸ ਪੰਪ ਤੋਂ ਧਰਨੇ ਹਟਾਏ ਜਾਣ ਸਬੰਧੀ ਜਥੇਬੰਦੀ ਦੇ ਬਲਾਕ ਤੇ ਜ਼ਿਲ੍ਹਾ ਆਗੂਆਂ ਨਾਲ ਕੀਤੀ ਗੱਲਬਾਤ ਵੀ ਬੇਸਿੱਟਾ ਰਹੀ। ਹੁਣ ਅਣਮਿੱਥੇ ਸਮੇਂ ਤੱਕ ਧਰਨਿਆਂ ਦਾ ਸਮਾਂ ਵਧਾਏ ਜਾਣ ਮਗਰੋਂ ਇਸ ਪੰਪ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਐੱਸਆਰ ਪੈਟਰੋਲ ਪੰਪ ਸ਼ੇਰਪੁਰ ਅੱਗੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਕਾਲਾਬੂਲਾ ਨੇ ਕਿਹਾ ਕਿ ਧਰਨਾ ਜਾਰੀ ਰਹੇਗਾ।