ਬੀਰਬਲ ਰਿਸ਼ੀ
ਸ਼ੇਰਪੁਰ, 28 ਜੂਨ
ਬੀਕੇਯੂ ਡਕੌਂਦਾ ਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਸਾਂਝੇ ਤੌਰ ’ਤੇ ਥਾਣਾ ਸ਼ੇਰਪੁਰ ਦਾ ਕਈ ਘੰਟੇ ਘਿਰਾਓ ਕੀਤਾ। ਇਸ ਦੌਰਾਨ ਕਾਤਰੋਂ ਚੌਂਕ ਵਿੱਚ ਆਵਾਜਾਈ ਰੋਕ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਬੀਕੇਯੂ ਡਕੌਂਦਾ ਦੇ ਆਗੂ ਕਰਮਜੀਤ ਸਿੰਘ ਛੰਨਾ ਦੇ ਘਰ ਦੋ ਹਫ਼ਤੇ ਪਹਿਲਾਂ ਹੋਈ ਚੋਰੀ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਫੜਨ ਵਿੱਚ ਪੁਲੀਸ ਨਾਕਾਮ ਰਹੀ ਹੈ।
ਥਾਣਾ ਸ਼ੇਰਪੁਰ ਤੇ ਕਾਤਰੋਂ ਚੌਕ ’ਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਦੇ ਬਲਾਕ ਆਗੂ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਬੀਕਯੂ ਏਕਤਾ ਉਗਰਾਹਾਂ ਦੇ ਆਗੂ ਬਲਵੰਤ ਸਿੰਘ ਛੰਨਾ ਤੇ ਸੁਖਵਿੰਦਰ ਸਿੰਘ ਲੀਲਾ ਨੇ ਕਿਹਾ ਕਿ ਰਾਮਨਗਰ ਛੰਨਾ ਚੋਰੀ ਕੇਸ ਵਿੱਚ ਪੁਲੀਸ ਨੂੰ ਸ਼ੱਕੀਆਂ ਦੇ ਨਾਮ ਦੇ ਦਿੱਤੇ, ਪੁਲੀਸ ਨੇ ਖੁਦ ਪੜਤਾਲ ਦੌਰਾਨ ਫਿੰਗਰ ਪ੍ਰਿੰਟਸ ਮਿਲਣ ਦੀ ਗੱਲ ਕਬੂਲੀ ਪਰ ਚੋਣਾਂ ਦਾ ਬਹਾਨਾ ਬਣਾ ਕੇ ਮਾਮਲੇ ’ਤੇ ਠੋਸ ਕਾਰਵਾਈ ਦੀ ਥਾਂ ਆਨਾਕਾਨੀ ਕੀਤੀ।
ਡੀਐੱਸਪੀ ਨੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਪਰ ਉਹ ਠੱਸ ਤੋਂ ਮੱਸ ਨਾ ਹੋਏੇ। ਅਖੀਰ ਐੱਸਐੱਸਓ ਸੁਖਵਿੰਦਰ ਕੌਰ ਨੇ ਡੀਐੱਸਪੀ ਦੀ ਨਿੱਜੀ ਸਮੱਸਿਆ ਦਾ ਹਵਾਲਾ ਦੇ ਕੇ ਆਖਰੀ ਵਾਰ ਉਨ੍ਹਾਂ ’ਤੇ ਵਿਸ਼ਵਾਸ ਕਰਨ ਅਤੇ ਮਾਮਲੇ ਨੂੰ ਹਫ਼ਤੇ ’ਚ ਹੱਲ ਦਾ ਭਰੋਸਾ ਦਿੱਤਾ। ਉੱਧਰ ਕਿਸਾਨ ਆਗੂਆਂ ਨੇ ਪੁਲੀਸ ਨੂੰ ਆਖਰੀ ਵਾਰ ਸਮਾਂ ਦਿੰਦਿਆਂ ਮਸਲਾ ਹੱਲ ਨਾ ਹੋਣ ’ਤੇ 11 ਜੁਲਾਈ ਨੂੰ ਸ਼ੇਰਪੁਰ ’ਚ ਵੱਡਾ ਐਕਸ਼ਨ ਕਰਨ ਦਾ ਐਲਾਨ ਕਰ ਕੇ ਧਰਨਾ ਚੁੱਕ ਲਿਆ। ਐੱਸਐੱਚਓ ਸ਼ੇਰਪੁਰ ਸੁਖਵਿੰਦਰ ਕੌਰ ਨੇ ਰਾਮਨਗਰ ਛੰਨਾ ਤੇ ਸ਼ੇਰਪੁਰ ’ਚ ਹੋਈਆਂ ਚੋਰੀਆਂ ਬਾਰੇ ਕਿਹਾ,‘ਚੋਣਾਂ ਕਰਕੇ ਮੁਲਜ਼ਮਾਂ ਨੂੰ ਫੜਨ ਲਈ ਥੋੜ੍ਹਾ ਲੇਟ ਹੋਏ ਹਾਂ ਉਂਜ ਪੁਲੀਸ ਮੁਲਜ਼ਮਾਂ ਦੇ ਬਹੁਤ ਕਰੀਬ ਹੈ।