ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਮਈ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਜਿਥੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਹੈ ਉਥੇ ਹੁਣ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵੀ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਜਿਥੇ 26 ਮਈ ਨੂੰ ਲੋਕਾਂ ਨੂੰ ਰੋਸ ਵਜੋਂ ਕੋਠਿਆਂ ’ਤੇ ਕਾਲੇ ਝੰਡੇ ਲਹਿਰਾਉਣ ਦਾ ਸੱਦਾ ਦਿੱਤਾ ਹੈ ਉਥੇ ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਦੇ ਵਿਰੁੱਧ 28 ਤੋਂ 30 ਮਈ ਤੱਕ ਤਿੰਨ ਦਿਨ ਪਟਿਆਲਾ ਦੇ ਪੁੱਡਾ ਗਰਾਉਂਡ ਵਿਚ ਪੁੱਜਣ ਦਾ ਸੱਦਾ ਵੀ ਦਿੱਤਾ ਹੈ।
ਇਥੇ ਭਾਜਪਾ ਆਗੂ ਦੇ ਘਰ ਅੱਗੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਜਿਥੇ ਪੱਕਾ ਰੋਸ ਧਰਨਾ ਜਾਰੀ ਹੈ ਉਥੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ 26 ਮਈ ਨੂੰ ਰੋਸ ਦਿਵਸ ਮਨਾਉਣ ਅਤੇ 28 ਤੋਂ 30 ਮਈ ਤੱਕ ਪਟਿਆਲਾ ਪੁੱਜਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਹਰ ਐਤਵਾਰ ਨੂੰ ਦਿੱਲੀ ਬਾਰਡਰਾਂ ’ਤੇ ਕਾਫ਼ਲੇ ਭੇਜੇ ਜਾਇਆ ਕਰਨਗੇ। ਰੇਲਵੇ ਸਟੇਸ਼ਨ ਨੇੜੇ 31 ਕਿਸਾਨ ਜਥੇਬੰਦੀਆਂ ਦਾ ਪੱਕਾ ਧਰਨਾ ਵੀ ਜਾਰੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਕਰੋਨਾ ਕਾਰਨ ਬੇਰੁਜ਼ਗਾਰ ਹੋਏ ਗਰੀਬ ਲੋਕਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦੀ ਮੰਗ ਵੀ ਕੀਤੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਪੱਕਾ ਮੋਰਚਾ 232 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੀਆਂ ਮਨ ਆਈਆਂ ਪੁਗਾਉਣ ਲਈ ਲਿਆਂਦੇ ਲੋਕ ਮਾਰੂ ਕਾਨੂੰਨਾਂ ਵਿਰੁੱਧ ਵੱਡੀ ਤਦਾਦ ਵਿੱਚ ਸ਼ਾਮਲ ਕਿਰਤੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ। ਬਲਾਕ ਆਗੂ ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ ਅਤੇ ਬਿੰਦਰ ਸਿੰਘ ਖੋਖਰ ਨੇ ਪੰਡਾਲ ਵਿੱਚ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸੁਨਾਮ ਵਿਖੇ ਰਿਲਾਇੰਸ ਦੇ ਟ੍ਰੈਂਡਜ਼ ਮਾਲ ਅੱਗੇ ਚੱਲ ਰਹੇ ਧਰਨੇ ਵਿੱਚ ਅੱਜ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨੁਕਤਾਚੀਨੀ ਕੀਤੀ ਗਈਬੁਲਾਰਿਆਂ ਨੇ ਲਈ 26 ਮਈ ਕਿਸਾਨ ਜਥੇਬੰਦੀਆਂ ਵੱਲੋਂ ਦਿਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦਾ ਸੱਦਾ ਦਿਤਾ। ਅੱਜ ਦੇ ਧਰਨੇ ਨੂੰ ਸੁਖਦੇਵ ਸਿੰਘ ਜਵੰਧਾ, ਮੇਲਾ ਸਿੰਘ ਕੋਠੇ, ਕਸ਼ਮੀਰ ਸਿੰਘ ਉਗਰਾਹਾਂ, ਜਗਤਾਰ ਸਿੰਘ ਛਾਜਲਾ, ਜਸਵੀਰ ਕੌਰ ਉਗਰਾਹਾਂ, ਗੁਰਚਰਨ ਸਿੰਘ ਬਿਗੜਵਾਲ, ਗੋਬਿੰਦ ਸਿੰਘ ਚੱਠਾ ਬਲਾਕ ਪ੍ਰਧਾਨ, ਨਾਜਰ ਸਿੰਘ ਮਾਡਲ ਟਾਉਨ, ਮਹਿੰਦਰ ਸਿੰਘ ਨਮੋਲ, ਅਮਰਜੀਤ ਕੌਰ ਖਡਿਆਲ, ਭੋਲਾ ਸਿੰਘ ਸੰਗਰਾਮੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।