ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਜਨਵਰੀ
ਆਸਮਾਨ ’ਚ ਬੱਦਲਵਾਈ, ਮੈਦਾਨ ’ਚ ਕੜਾਕੇ ਦੀ ਠੰਢ ਅਤੇ ਸੀਤ ਲਹਿਰ ਵੀ ਖੇਤੀ ਕਾਨੂੰਨ ਰੱਦ ਕਰਾਉਣ ਲਈ ਮੋਰਚਿਆਂ ’ਤੇ ਡਟੇ ਸੰਘਰਸ਼ੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਹੌਸਲੇ ਨਾ ਤੋੜ ਸਕੀ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 4 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਨਾਲ ਹੋਣ ਵਾਲੀ ਮੀਟਿੰਗ ਵਿਚ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਅਗਲੇ ਤਿੱਖੇ ਸੰਘਰਸ਼ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ।
ਸਥਾਨਕ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਰੋਸ ਧਰਨੇ ਅਤੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਆਗੂ ਦੇ ਘਰ ਅੱਗੇ ਚੱਲ ਰਹੇ ਰੋਸ ਧਰਨਿਆਂ ਵਿੱਚ ਠੰਢ ਦੇ ਬਾਵਜੂਦ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਧਰਨੇ ਨੂੰ ਕਿਸਾਨ ਆਗੂ ਨਿਰਮਲ ਸਿੰਘ ਬਟੜਿਆਣਾ, ਹਰਮੇਲ ਸਿੰਘ ਮਹਿਰੋਕ, ਇੰਦਰਪਾਲ ਸਿੰਘ ਪੁੰਨਾਂਵਾਲ, ਰਾਮ ਸਿੰਘ ਸੋਹੀਆਂ, ਸੁਖਦੇਵ ਸਿੰਘ ਉੱਭਾਵਾਲ, ਲੱਖਮੀ ਚੰਦ, ਹਰਜੀਤ ਸਿੰਘ ਕਲੌਦੀ, ਨਰੰਜਣ ਸਿੰਘ ਦੋਹਲਾ ਨੇ ਸੰਬੋਧਨ ਕੀਤਾ ਜਦੋਂਕਿ ਭਾਜਪਾ ਆਗੂ ਦੇ ਘਰ ਅੱਗੇ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਸੋਮ ਨਾਥ ਸ਼ੇਰੋਂ, ਗੁਰਦੀਪ ਸਿੰਘ ਕੰਮੋਮਾਜਰਾ ਤੇ ਹਰਬੰਸ ਕੌਰ ਬਾਲੀਆਂ ਨੇ ਸੰਬੋਧਨ ਕੀਤਾ।
ਧੂਰੀ (ਹਰਦੀਪ ਸਿੰਘ ਸੋਢੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਲੱਡਾ ਟੌਲ ਪਲਾਜ਼ਾ ਕੋਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਾਮ ਸਿੰਘ ਕੱਕੜਵਾਲ ਤੇ ਮਾਲੇਰਕੋਟਲਾ ਦੇ ਬਲਾਕ ਆਗੂ ਚਮਕੌਰ ਸਿੰਘ ਹਥਨ ਦੀ ਅਗਵਾਈ ਵਿੱਚ ਲੱਗਾ ਕਿਸਾਨੀ ਧਰਨਾ 94ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਇਸ ਧਰਨੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ 1500 ਟਰੈਕਟਰਾਂ ਦੀ ਰੈਲੀ ਸ਼ੁਰੂ ਹੋਈ ਹੈ ਜਿਸ ਵਿੱਚ ਧੂਰੀ ਤੋਂ ਬਲਵਿੰਦਰ ਸਿੰਘ ਪੇਧਨੀ ਦੀ ਅਗਵਾਈ ਵਿੱਚ 40 ਟਰੈਕਟਰ ਸ਼ਾਮਲ ਹੋਏ ਹਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਤਹਿਤ ਮਾਲੇਰਕੋਟਲਾ ਖੇਤਰ ਦੇ ਕਿਸਾਨ ਅੱਜ 85ਵੇਂ ਦਿਨ ਵੀ ਡਟੇ ਰਹੇ। ਇਸ ਦੌਰਾਨ ਗਲਵੱਟੀ ਵਾਲੀਆਂ ਬੀਬੀਆਂ ਵੱਲੋਂ ਬੀਰਰਸੀ ਵਾਰਾਂ ਪੇਸ਼ ਕੀਤੀਆਂ ਗਈਆਂ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਂ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲੱਗਦੇ ਰਿਲਾਇੰਸ ਪੈਟਰੋਲ ਪੰਪ ’ਤੇ ਠੰਢ ’ਚ ਧਰਨਾ 94ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ਼ ਹਰਿਆਣਾ ਦੇ ਲੋਕਾਂ ਨੂੰ ਹੋਰ ਲਾਮਬੰਦ ਕਰਨ ਲਈ ਅੱਜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਟਿਕਰੀ ਬਾਰਡਰ ਤੋਂ ਹਰਿਆਣਾ ਦੇ ਪਿੰਡਾਂ ਵਿਚ ਟਰੈਕਟਰ ਮਾਰਚ ਸ਼ੁਰੂ ਕੀਤਾ ਗਿਆ ਹੈ। ਇਸ ਧਰਨੇ ਨੂੰ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੋਰ, ਜਗਸੀਰ ਸਿੰਘ ਖੰਡੇਬਾਦ, ਬਲਵਿੰਦਰ ਸਿੰਘ ਮਨਿਆਣਾ ਨੇ ਵੀ ਸੰਬੋਧਨ ਕੀਤਾ।
ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦੀ ਸ਼ੁਰੂਆਤ
ਘਨੌਰ (ਗੁਰਪ੍ਰੀਤ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਸਾਲ 2021 ਦੀ ਆਮਦ ਮੌਕੇ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ’ਤੇ ਹਲਕਾ ਘਨੌਰ ਵਿੱਚ ਪੈਂਦੇ ਪਿੰਡ ਮਦਨਪੁਰ ਚਲਹੇੜੀ ਨੇੜੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਅਤੇ ਹੋਰਨਾਂ ਰਾਹਗੀਰਾਂ ਲਈ ਲੰਗਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਸਮੇਰ ਸਿੰਘ ਲਾਛੜੂ, ਬੀਬੀ ਕੁਲਦੀਪ ਕੌਰ ਟੋਹੜਾ ਅਤੇ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਮੌਜੂਦ ਸਨ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਭਗਵੰਤ ਸਿੰਘ ਧੰਗੇੜਾ ਤੇ ਹੋਰ ਪਤਵੰਤੇ ਮੌਜੂਦ ਸਨ।
ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਟੌਲ ਪਲਾਜ਼ਾ ਕਾਲਾਝਾੜ, ਟੌਲ ਪਲਾਜ਼ਾ ਮਾਝੀ ਤੇ ਰਿਲਾਇੰਸ ਪੰਪ ਬਾਲਦ ਕਲਾਂ ’ਤੇ 94ਵੇਂ ਦਿਨ ਵੀ ਕਿਸਾਨ ਗਰਜਦੇ ਰਹੇ। ਟੌਲ ਪਲਾਜ਼ਾ ਕਾਲਾਝਾੜ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਘਰਾਚੋਂ ਦੀ ਅਗਵਾਈ ਹੇਠ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਜੇਤੂ ਹੋਣ ਤੱਕ ਜਾਰੀ ਰਹੇਗਾ। ਇਸੇ ਤਰ੍ਹਾਂ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਟੌਲ ਪਲਾਜ਼ਾ ਮਾਝੀ ’ਤੇ ਕਿਸਾਨ ਆਗੂ ਅੰਗਰੇਜ਼ ਸਿੰਘ ਮਾਝੀ, ਭਰਪੂਰ ਸਿੰਘ, ਬਘੇਲ ਸਿੰਘ ਮਾਝੀ, ਹਾਕਮ ਸਿੰਘ, ਲਾਭ ਸਿੰਘ, ਮੇਜਰ ਸਿੰਘ ਬਾਲਦ ਕਲਾਂ, ਚਰਨਜੀਤ ਭੜੋ ਅਤੇ ਛੱਜੂ ਸਿੰਘ ਬਾਲਦ ਖੁਰਦ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।