ਬੀਰਬਲ ਰਿਸ਼ੀ
ਸ਼ੇਰਪੁਰ, 14 ਨਵੰਬਰ
ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ਮਗਰੋਂ ਨੇੜਲੇ ਪਿੰਡ ਕਾਲਾਬੂਲਾ ਦੇ ਇੱਕ ਕਿਸਾਨ ਦੀ ਢਾਈ ਏਕੜ ਫਸਲ ਹਾਲੇ ਵੀ ਖੇਤ ਵਿੱਚ ਖੜ੍ਹੀ ਹੈ ਜਿਸ ਨੂੰ ਬੰਦ ਹੋਈ ਖਰੀਦ ਕਾਰਨ ਆਪਣੀ ਫਸਲ ਵੇਚਣ ਦਾ ਫਿਕਰ ਵੱਢ-ਵੱਢ ਖਾ ਰਿਹਾ ਹੈ ਜਦੋਂ ਕਿ ਕੁਝ ਕਿਸਾਨ ਤਾਂ ਹਾਲੇ ਖ਼ਰੀਦ ਕੇਂਦਰਾਂ ਵਿੱਚ ਆਖਰੀ ਬੋਲੀ ਦੀ ਉਡੀਕ ਕਰ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨ ਮਸਲਾ ਹੱਲ ਨਾ ਹੋਣ ’ਤੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ।
ਪਿੰਡ ਕਾਲਾਬੂਲਾ ਦੇ ਕਿਸਾਨ ਹਰਦੀਪ ਸਿੰਘ ਦੀ ਕਾਲਾਬੂਲਾ-ਕਾਤਰੋਂ ਕੱਚੇ ਰਸਤੇ ’ਤੇ ਤਕਰੀਬਨ ਢਾਈ ਏਕੜ ਝੋਨੇ ਦੀ ਫਸਲ ਹਾਲੇ ਖੇਤ ਵਿੱਚ ਖੜ੍ਹੀ ਹੈ। ਆੜਤੀਆ ਆਗੂ ਜਸਦੇਵ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਕਿਸਾਨ ਨੇ ਮਾਰਕੀਟ ਕਮੇਟੀ ਕੋਲ ਇੱਕ ਲਿਖਤੀ ਦਰਖਾਸਤ ਦੇ ਕੇ ਆਪਣੀ ਫਸਲ ਲਈ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਫਸਲ ਦੀ ਖਰੀਦ ਲਈ ਕੋਈ ਚਾਰਾਜੋਈ ਕੀਤੀ ਜਾਵੇ। ਇਸੇ ਦੌਰਾਨ ਸ਼ੇਰਪੁਰ, ਭਗਵਾਨਪੁਰਾ, ਚਾਂਗਲੀ, ਈਨਾਬਾਜਵਾ, ਗੋਬਿੰਦਪੁਰਾ, ਖੇੜੀ ਚਹਿਲਾਂ, ਸਲੇਮਪੁਰ ਆਦਿ ਪਿੰਡਾਂ ਦੇ ਤਕਰੀਬਨ ਡੇਢ ਦਰਜਨ ਕਿਸਾਨ ਖ਼ਰੀਦ ਕੇਂਦਰਾਂ ਵਿੱਚ ਆਖਰੀ ਬੋਲੀ ਆਉਣ ਦੀ ਉਡੀਕ ਕਰ ਰਹੇ ਹਨ।
ਉਧਰ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਕਾਲਾਬੂਲਾ ਨੇ ਦੱਸਿਆ ਕਿ ਉਹ 15 ਨਵੰਬਰ ਨੂੰ ਇਸ ਕਿਸਾਨ ਮਸਲੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਜਥੇਬੰਦੀ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਰਕੀਟ ਕਮੇਟੀ ਸ਼ੇਰਪੁਰ ਨੂੰ ਘੇਰਿਆ ਜਾਵੇਗਾ।
ਰਿਪੋਰਟ ਡੀਐਮਓ ਸੰਗਰੂਰ ਨੂੰ ਭੇਜੀ ਗਈ ਹੈ: ਸਕੱਤਰ
ਮਾਰਕੀਟ ਕਮੇਟੀ ਦੇ ਸੈਕਟਰੀ ਡੀਨਪਾਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਕਾਲਾਬੂਲਾ ਦੇ ਕਿਸਾਨ ਦੀ ਫਸਲ ਖੇਤ ਵਿੱਚ ਖੜ੍ਹੀ ਹੈ ਅਤੇ ਕੁੱਝ ਹੋਰ ਕਿਸਾਨਾਂ ਦੀਆਂ ਵਿਕਣੋਂ ਰਹਿੰਦੇ ਝੋਨੇ ਸਬੰਧੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਜਿਸ ਦੀ ਸਾਰੀ ਰਿਪੋਰਟ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਭੇਜੀ ਗਈ ਹੈ ਅਤੇ ਮਾਮਲਾ ਹੱਲ ਹੋਣ ਦੇ ਆਸਾਰ ਹਨ।