ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜਨਵਰੀ
ਇਥੇ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਭਲਕੇ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫ਼ੂਕੀਆਂ ਜਾਣਗੀਆਂ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਥੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਧਰਨਾ ਜਾਰੀ ਹੈ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਤੇ ਬੀਬੀਆਂ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਅਤੇ ਖੇੜੀ ਵਿਖੇ ਰਿਲਾਇੰਸ ਪੰਪ ਅੱਗੇ ਡਟੀਆਂ ਹੋਈਆਂ ਹਨ। ਰੇਲਵੇ ਸਟੇਸ਼ਨ ਨੇੜੇ ਰੋਸ ਧਰਨੇ ਨੂੰ ਕਿਸਾਨ ਹਰਮੇਲ ਸਿੰਘ ਮਹਿਰੋਕ, ਇੰਦਰਪਾਲ ਸਿੰਘ ਪੁੰਨਾਂਵਾਲ, ਸਰਬਜੀਤ ਸਿੰਘ ਵੜੈਚ, ਤਰਕਸ਼ੀਲ ਆਗੂ ਪਰਮ ਵੇਦ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਧਰ ਖੇੜੀ ਵਿਖੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਸਰੂਪ ਚੰਦ ਕਿਲਾਭਰੀਆਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੂੰ ਤੁਰੰਤ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਨਾ ਤਾਂ ਕਿਸਾਨ ਦਿੱਲੀ ਵਿਚੋਂ ਸੰਘਰਸ਼ ਖਤਮ ਕਰਨਗੇ ਅਤੇ ਨਾ ਹੀ ਪੰਜਾਬ ਵਿਚ ਭਾਜਪਾ ਆਗੂਆਂ ਦੇ ਘਰਾਂ, ਟੌਲ ਪਲਾਜ਼ਿਆਂ ਅਤੇ ਰਿਲਾਇੰਸ ਪੰਪਾਂ ਅੱਗੇ ਚੱਲ ਰਹੇ ਮੋਰਚਿਆਂ ਤੋਂ ਕਿਸਾਨ ਪਿੱਛੇ ਹਟਣਗੇ।
ਅਮਰਗੜ੍ਹ (ਰਾਜਿੰਦਰ ਜੈਦਕਾ): ਟੌਲ ਪਲਾਜ਼ਾ ਮਾਹੋਰਾਣਾ ’ਚ ਚੱਲ ਰਹੇ ਧਰਨੇ ਦੇ 95ਵੇਂ ਦਿਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਭਨਭੌਰਾ ਨੇ ਕਿਹਾ ਕਿ ਲੋਹੜੀ ਵਾਲੇ ਦਿਨ ਹਰ ਗਲੀ ਮੁਹੱਲੇ ’ਚ ਤਿਲਾਂ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਅੱਗ ’ਚ ਸੁੱਟੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਪਰੇਡ ਦੀ ਤਿਆਰੀ ਲਈ ਪੂਰੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਨਰਿੰਦਰਜੀਤ ਸਿੰਘ ਸਲਾਰ, ਸਾਬਕਾ ਸਰਪੰਚ ਭੁਪਿੰਦਰ ਸਿੰਘ ਲਾਂਗੜੀਆਂ, ਮਨਜੀਤ ਸਿੰਘ ਭੁੱਲਰਾਂ, ਰਾਜ ਕੌਰ ਬਨਭੌਰਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਧੂਰੀ (ਹਰਦੀਪ ਸਿੰਘ ਸੋਢੀ): ਨੇੜਲੇ ਪਿੰਡ ਲੱਡਾ ਦੇ ਟੌਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰਬੰਸ ਸਿੰਘ ਲੱਡਾ , ਚਮਕੋਰ ਸਿੰਘ ਹਥਨ, ਦੀ ਅਗਵਾਈ ਵਿੱਚ ਲੱਗਾ ਧਰਨਾ ਅੱਜ 104ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਉਨ੍ਹਾਂ ਕਿਹਾ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਦੀ ਰੋਜ਼ਾਨਾ ਰਿਹਸਲ ਕੀਤੀ ਜਾ ਰਹੀ ਹੈ। ਕੈਪਟਨ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਪੰਜਾਬ ਸਰਕਾਰ ਸਮਾਰਟ ਮੀਟਰ ਲਗਵਾਉਣ ਜਾ ਰਹੀ ਹੈ ਜਿਸ ਤਹਿਤ ਪਟਿਆਲਾ ਵਿੱਚ 4 ਲੱਖ, ਮੋਹਾਲੀ ਵਿੱਚ 2 ਲੱਖ ਸਮਾਰਟ ਮੀਟਰ ਲੱਗ ਰਹੇ ਹਨ। ਉਨ੍ਹਾਂ ਕਿਹਾ ਕੈਪਟਨ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਦੇ ਵਿਰੁੱਧ ਹੈ ਇਹ ਫੈਸਲਾ ਕਿਸਾਨਾਂ ਨੂੰ ਕਦੀ ਮਨਜ਼ੂਰ ਨਹੀਂ ਹੋਵੇਗਾ। ਇਸ ਮੌਕੇ ਉੱਪਰ ਸੁਖਜੀਤ ਸਿੰਘ ਲੱਡਾ, ਗਮਦੂਰ ਸਿੰਘ ਲੱਡਾ, ਹਮੀਰ ਸਿੰਘ, ਬਲਜੀਤ ਕੌਰ ਆਦਿ ਹਾਜ਼ਰ ਸਨ।
ਰਿਲਾਇੰਸ ਪੈਟਰੋਲ ਪੰਪ ’ਤੇ ਧਰਨਾ ਜਾਰੀ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 104ਵੇਂ ਜਾਰੀ ਰਿਹਾ। ਦਿੱਲੀ ਮੋਰਚੇ ਦੇ ਸ਼ਹੀਦ ਸੁਰਜੀਤ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਲਦਾਲ ਦਾ ਭੋਗ ਅੱਜ ਪਿੰਡ ਦੇ ਗੁਰਦੁਆਰੇ ਵਿੱਚ ਪਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੈਂਕੜਿਆਂ ਦੀ ਗਿਣਤੀ ਦੇ ਮਰਦਾਂ ਔਰਤਾਂ ਨੇ ਸ਼ਮੂਲੀਅਤ ਕੀਤੀ। ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ, ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਬਲਾਕ ਲਹਿਰਾਂ ਦੇ ਪ੍ਰਧਾਨ ਧਰਮਿੰਦਰ ਸਿੰਘ, ਪਸੋਰ, ਬਹਾਦਰ ਸਿੰਘ ਭੁਟਾਲ ਖੁਰਦ, ਰਾਮਚੰਦ ਸਿੰਘ ਚੋਟੀਆਂ, ਜਗਸੀਰ ਸਿੰਘ ਖੰਡੇਬਾਦ ਅਤੇ ਹੋਰ ਬਲਾਕ ਆਗੂਆਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਦਿੱਲੀ ਮੋਰਚੇ ਵਾਸਤੇ ਕਿਸਾਨ ਜਥੇ ਰਵਾਨਾ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਕੇਂਦਰ ਸਰਕਾਰ ਵੱਲੋਂ ਲਿਆਂਦੇ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਦਿੱਲੀ ਘੇਰੀ ਬੈਠੇ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਬਣਨ ਲਈ ਪਿੰਡਾਂ ’ਚੋਂ ਕਿਸਾਨ ਜੱਥਿਆਂ ਦਾ ਦਿੱਲੀ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਪਿੰਡ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ‘ਚ ਪਿੰਡ ਹਥਨ, ਭੂਦਨ ਅਤੇ ਸੇਹਕੇ ਤੋਂ ਕਿਸਾਨ ਜੱਥੇ ਰਵਾਨਾ ਹੋਏ। ਯੂਨੀਅਨ ਦੀ ਪਿੰਡ ਸੇਹਕੇ ਇਕਾਈ ਦੀ ਅਗਵਾਈ ’ਚ ਕਿਸਾਨਾਂ ਦਾ ਇੱਕ ਜੱਥਾ ਟਿਕਰੀ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ਦੇ ਲੰਗਰਾਂ ਲਈ ਸੌ ਕੁਇੰਟਲ ਸਬਜ਼ੀ (ਗੋਭੀ, ਗਾਜਰਾਂ ਅਤੇ ਮਟਰ ਪਿਆਜ ਆਲੂ) ਲੈ ਕੇ ਰਵਾਨਾ ਹੋਇਆ। ਰਵਾਨਾ ਹੋਏ ਜੱਥੇ ‘ਚ ਅੱਛਰਪ੍ਰੀਤ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ , ਮਾਸਟਰ ਇਕਬਾਲਜੀਤ ਸਿੰਘ ਕਮਲਜੀਤ ਸਿੰਘ , ਅੰਮ੍ਰਿਤ ਸਿੰਘ , ਨੰਬਰਦਾਰ ਪਰਮਜੀਤ ਸਿੰਘ , ਕੁਲਵਿੰਦਰ ਸਿੰਘ , ਗੁਰਜੀਤ ਸਿੰਘ , ਅਵਤਾਰ ਸਿੰਘ ਭੋਲਾ , ਮਾਸਟਰ ਵਰਿੰਦਰ ਸਿੰਘ, ਮਾਸਟਰ ਬਲਜੀਤ ਸਿੰਘ, ਗੁਰਿੰਦਰ ਸਿੰਘ, ਬਲਰਾਜ ਸਿੰਘ, ਜਸ਼ਨਪ੍ਰੀਤ ਸਿੰਘ ਆਦਿ ਸ਼ਾਮਲ ਸਨ। ਉਧਰ, ਮਾਲੇਰਕੋਟਲਾ-ਪਟਿਆਲਾ ਸੜਕ ਸਥਿਤ ਪਿੰਡ ਮਾਹੋਰਣਾ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਧਰਨਾ 95ਵੇਂ ਦਿਨ ‘ਚ ਦਾਖ਼ਲ ਹੋ ਗਿਆ। ਅੱਜ ਦੇ ਧਰਨੇ ਨੂੰ ਨਰਿੰਦਰਜੀਤ ਸਿੰਘ,ਮਾਸਟਰ ਮਨਜੀਤ ਸਿੰਘ ਭੁੱਲਰਾਂ,ਮਾਸਟਰ ਬਲਵੀਰ ਸਿੰਘ ਬਨਭੌਰਾ, ਸਰਪੰਚ ਲਾਲ ਸਿੰਘ ਤੋਲੇਵਾਲ, ਸਤਵੰਤ ਸਿੰਘ ਭੁੱਲਰਾਂ, ਰਾਜ ਕੌਰ ਬਨਭੌਰਾ,ਭੁਪਿੰਦਰ ਸਿੰਘ ਲਾਂਗੜੀਆਂ, ਭੁਪਿੰਦਰ ਸਿੰਘ ਬਨਭੌਰਾ, ਕੁਲਬੀਰ ਕੋਰ ਬਨਭੌਰਾ, ਗੁਰਲੀਨ ਕੌਰ, ਕਰਮਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।