ਖੇਤਰੀ ਪ੍ਰਤੀਨਿਧ
ਪਟਿਆਲਾ, 9 ਫਰਵਰੀ
ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ ਦੀ ਅਗਵਾਈ ਵਿੱਚ ਐੱਸਡੀਐੱਮ ਰਾਹੀਂ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੁੱਖ ਮੰਗਾਂ ਓਮੀਕਰੋਡ ਦੀ ਲਹਿਰ ਕਾਰਨ ਸਕੂਲ, ਕਾਲਜ, ਯੂਨੀਵਰਸਿਟੀਆਂ ਨੂੰ ਬੰਦ ਕੀਤਾ ਹੋਇਆ ਹੈ ਪਰ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਦੇ ਆਗੂ ਵੱਡੀਆਂ ਰੈਲੀਆਂ ਕਰ ਰਹੇ ਹਨ। ਹਰ ਪਿੰਡ ਵਿੱਚ ਇਕੱਠ ਕਰਕੇ ਮੀਟਿੰਗਾਂ ਕਰ ਕੇ ਚੋਣ ਪ੍ਰਚਾਰ ਕਰ ਰਹੇ ਹਨ ਤਾਂ ਕਰੋਨਾ ਫੈਲ ਨਹੀਂ ਰਿਹਾ ਕਿਉਂਕਿ ਬੱਚਿਆਂ ਦੇ ਮਾਪੇ ਉਨ੍ਹਾਂ ਰੈਲੀਆਂ ਮੀਟਿੰਗਾਂ ਵਿੱਚ ਆਪਣੇ ਘਰ ਵਿੱਚ ਆਉਂਦੇ ਹਨ ਤੇ ਬੀਤੇ ਦਿਨ 6ਵੀਂ ਤੋਂ ਉਪਰ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਗਈਆਂ ਹਨ।
ਧੂਰੀ (ਖੇਤਰੀ ਪ੍ਰਤੀਨਿਧ) ਅੱਜ ਭਾਕਿਯੂ ਏਕਤਾ(ਉਗਰਾਹਾਂ) ਬਲਾਕ ਧੂਰੀ ਵੱਲੋਂ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਸਰਕਾਰ ਵੱਲੋਂ ਕਰੋਨਾ ਲਾਗ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਐੱਸਡੀਐੱਮ ਦਫ਼ਤਰ ਧੂਰੀ ਮੋਹਰੇ ਧਰਨਾ ਦੇਣ ਉਪਰੰਤ ਟ੍ਰੈਕਟਰ ਟਰਾਲੀਆਂ ਸਮੇਤ ਸ਼ਹਿਰ ’ਚ ਰੋਸ ਮੁਜ਼ਾਹਰਾ ਕੀਤਾ ਗਿਆ।
ਭਵਾਨੀਗੜ੍ਹ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਰੋਨਾ ਵਾਇਰਸ ਦੀ ਆੜ ਹੇਠ ਸਰਕਾਰਾਂ ਵੱਲੋਂ ਬੰਦ ਰੱਖੇ ਗਏ ਪ੍ਰਾਇਮਰੀ ਸਕੂਲਾਂ ਨੂੰ ਖੁੱਲ੍ਹਵਾਉਣ ਲਈ ਅੱਜ ਇੱਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਵਾਲ ਖੁਰਦ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਰਣਧੀਰ ਸਿੰਘ ਭੱਟੀਵਾਲ, ਚਮਕੌਰ ਸਿੰਘ, ਚਰਨ ਸਿੰਘ ਤੇ ਰਾਜੂ ਨੇ ਕਿਹਾ ਕਿ ਕਰੋਨਾ ਦੇ ਬਾਵਜੂਦ ਇਕ ਪਾਸੇ ਸਿਆਸੀ ਪਾਰਟੀਆਂ ਵੱਡੀਆਂ ਚੋਣ ਰੈਲੀਆਂ ਕਰ ਰਹੀਆਂ ਹਨ, ਸ਼ਰਾਬ ਦੇ ਠੇਕੇ ਖੁੱਲ੍ਹੇ ਹਨ, ਬੱਸਾਂ ਤੇ ਰੇਲ ਗੱਡੀਆਂ ਚੱਲ ਰਹੀਆਂ ਹਨ ਪਰ ਦੂਜੇ ਪਾਸੇ ਸਰਕਾਰਾਂ ਨੇ ਪ੍ਰਾਇਮਰੀ ਸਕੂਲ ਅਜੇ ਵੀ ਬੰਦ ਕਰ ਰੱਖੇ ਹਨ।
ਪਾਤੜਾਂ (ਪੱਤਰ ਪ੍ਰੇਰਕ) ਕਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਤਹਿਤ ਬੰਦ ਕੀਤੇ ਸਕੂਲਾਂ ਨੂੰ ਮੁੜ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਵੱਲੋਂ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਐੱਸਡੀਐੱਮ ਪਾਤੜਾਂ ਅੰਕੁਰਜੀਤ ਸਿੰਘ ਨੂੰ ਸੌਂਪਿਆ ਗਿਆ। ਇਸ ਦੌਰਾਨ ਐੱਸਡੀਐੱਮ ਨੇ ਜਥੇਬੰਦੀ ਦੇ ਵਫਦ ਨੂੰ ਮੰਗ ਪੱਤਰ ਤੁਰੰਤ ਪੰਜਾਬ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ।