ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 22 ਜਨਵਰੀ
ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੀ ਕੜੀ ਵਜੋਂ ਮਾਲੇਰਕੋਟਲਾ-ਪਟਿਆਲਾ ਸੜਕ ਸਥਿਤ ਮਾਹੋਰਾਣਾ ਟੌਲ ਪਲਾਜ਼ਾ ’ਤੇ ਇਸ ਖੇਤਰ ਦੇ ਕਿਸਾਨਾਂ ਵੱਲੋਂ ਪਿਛਲੇ 105 ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਸੰਗਾਲਾ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਮੋਰਚਾ ਆਹਮੋ-ਸਾਹਮਣੇ ਡਟੇ ਖੜ੍ਹੇ ਹਨ। ਕੇਂਦਰ ਸਰਕਾਰ ਨੂੰ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਲਈ ਮੋਰਚੇ ਖ਼ਿਲਾਫ਼ ਗੋਦੀ ਮੀਡੀਆਂ ਰਾਹੀਂ ਝੂਠਾ ਤੇ ਗੁਮਰਾਹਕੁਨ ਪ੍ਰਚਾਰ, ਕੌਮੀ ਜਾਂਚ ਏਜੰਸੀ ਦੁਆਰਾ ਸਿੱਖ ਪਛਾਣ ਵਾਲੇ ਵਿਅਕਤੀਆਂ ਤੇ ਸੰਸਥਾਵਾਂ ਨੂੰ ਨੋਟਿਸ ਭੇਜਣ ਤੇ ਕਿਸਾਨ ਆਗੂਆਂ ਨਾਲ ਬੇਸਿੱਟਾ ਮੀਟਿੰਗਾਂ ਕਰਨੀਆਂ ਛੱਡ ਕੇ ਕਿਸਾਨੀ ਮੰਗਾਂ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਿਰਫ਼ ਖੇਤੀ ਕਾਨੂੰਨਾਂ ਤੱਕ ਵੀ ਸੀਮਤ ਨਹੀਂ ਰਿਹਾ ਸਗੋਂ ਦੇਸ਼ ਪੱਧਰੀ ਜਨਤਕ ਲਹਿਰ ਬਣ ਗਿਆ ਹੈ ਜੋ ਦੇਸ਼ ’ਚ ਨਵਾਂ ਸਿਆਸੀ ਮਹੌਲ ਸਿਰਜੇਗਾ। ਨਰਪਿੰਦਰ ਸਿੰਘ ਸਲਾਰ ਨੇ ਕਿਹਾ ਕਿ ਕਿਸਾਨ ਅੰਦੋਲਨ ’ਚ ਨੌਜਵਾਨਾਂ ਤੇ ਔਰਤਾਂ ਦੀ ਭਰਵੀਂ ਸ਼ਮੂਲੀਅਤ ਭਵਿੱਖ ’ਚ ਦੇਸ਼ ਅੰਦਰ ਤੇ ਖ਼ਾਸ ਕਰਕੇ ਪੰਜਾਬ ’ਚ ਨਵਾਂ ਸਿਆਸੀ, ਸਮਾਜੀ ਤੇ ਸਭਿਆਚਾਰਕ ਮਹੌਲ ਸਿਰਜਣ ਦੇ ਸੰਕੇਤ ਹਨ। ਸੁਖਵਿੰਦਰ ਸਿੰਘ ਅਠਵਾਲ, ਕਰਮਜੀਤ ਸਿੰਘ ਬਨਭੌਰਾ, ਅਵਤਾਰ ਸਿੰਘ ਤੋਲੇਵਾਲ, ਸਤਵੰਤ ਸਿੰਘ ਭੁੱਲਰਾਂ, ਮਾਸਟਰ ਸੰਤ ਸਿੰਘ ਬਨਭੌਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਦੀ ਕਿਸਾਨ ਗਣਤੰਤਰ ਟਰੈਕਟਰ ਪਰੇਡ ’ਚ ਸ਼ਾਂਤਮਈ ਰਹਿ ਕੇ ਭਾਰੀ ਗਿਣਤੀ ’ਚ ਸ਼ਮੂਲੀਅਤ ਕਰਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ) ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 114 ਵੇਂ ਦਿਨ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੇ ਅਪਣੇ ਨਿਜੀ ਸਾਧਨਾਂ ਰਹੀ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਬਲਾਕ ਲਹਿਰਾਗਾਗਾ ਦੇ ਪਿੰਡਾਂ ’ਚੋਂ ਸੈਂਕੜੇ ਟਰੈਕਟਰ 26 ਜਨਵਰੀ ਦੀ ਦਿੱਲੀ ਵਿੱਚ ਹੋਣ ਵਾਲੀ ਕਿਸਾਨ ਪਰੇਡ ਵਿੱਚ ਵਿੱਚ ਹਿੱਸਾ ਲੈਣ ਗਏ। ਇਸ ਮੌਕੇ ਪਟਿਆਲਾ ਪੀਪਲਜ਼ ਆਰਟ ਵੱਲੋਂ ਜਿਨ੍ਹਾਂ ਦੀ ਅਣਖ ਜਿਉਂਦੀ ਹੈ। ਨਾਟਕ ਖੇਡ ਕੇ ਲੋਕਾਂ ਵਿੱਚ ਜੋਸ਼ ਭਰਿਆ। ਵਧ ਰਹੀ ਠੰਢ ’ਚ ਲੋਕਾਂ ਦੇ ਰੋਹ ਦੀ ਅੱਗ ਮੋਦੀ ਹਕੂਮਤ ਨੂੰ ਲੱਗਣੀ ਸ਼ੁਰੂ ਹੋ ਗਈ ਹੈ।
ਲੱਡਾ ਟੌਲ ਪਲਾਜ਼ਾ ਕੋਲ ਧਰਨਾ 114ਵੇਂ ਦਿਨ ਵਿੱਚ ਦਾਖਲ
ਧੂਰੀ (ਹਰਦੀਪ ਸਿੰਘ ਸੋਢੀ) ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਨੇੜਲੇ ਪਿੰਡ ਲੱਡਾ ਦੇ ਟੌਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਸਪਾਲ ਸਿੰਘ ਪੇਧਨੀ, ਚਮਕੌਰ ਸਿੰਘ ਹਥਨ ਦੀ ਅਗਵਾਈ ਹੇਠ ਲੱਗਾ ਕਿਸਾਨੀ ਧਰਨਾ ਅੱਜ 114ਵੇ ਦਿਨ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਅੰਡਾਨੀ, ਅੰਬਾਨੀ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਕੱਢਿਆ ਜਾਣ ਵਾਲਾ ਟਰੈਕਟਰ ਮਾਰਚ ਸ਼ਾਂਤੀਮਈ ਤਰੀਕੇ ਨਾਲ ਕੱਢਿਆ ਜਾਵੇਗਾ ਅਤੇ ਦਿੱਲੀ ਪੁਲੀਸ ਨੂੰ ਕਿਸਾਨਾਂ ਦਾ ਸਾਥ ਦਿੰਦੇ ਹੋਏ ਟਰੈਕਟਰ ਮਾਰਚ ਕਰਨ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਣਾ ਹੀ ਪਵੇਗਾ।
ਔਰਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜਾਗੋ ਕੱਢੀ
ਕੁੱਪ ਕਲਾਂ (ਪੱਤਰ ਪ੍ਰੇਰਕ) ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਪਿੰਡ ਸਰੌਦ ਵਿੱਚ ਕਿਸਾਨ ਔਰਤਾਂ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਜਾਗੋ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਮੋਦੀ ਨੂੰ ਕੋਸਿਆ ਗਿਆ। ਕਿਸਾਨ ਔਰਤਾਂ ਨੇ ਆਖਿਆ ਕਿ ਹੁਣ ਉਹ ਜਾਗ ਚੁੱਕੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਦੀ ਅਗਵਾਈ ਹੇਠ ਕੱਢੀ ਗਈ ਜਾਗੋ ਸਮੇਂ ਕਿਸਾਨ ਔਰਤਾਂ ਵੱਲੋਂ ਆਮ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ।