ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਅਪਰੈਲ
ਚਾਹੇ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ 10 ਅਪਰੈਲ ਤੋਂ ਖ੍ਰੀਦਣ ਦਾ ਐਲਾਨ ਕੀਤਾ ਹੈ ਪਰ ਕਿਸਾਨ ਬੀਤੇ ਦਿਨੀਂ ਹੋਈ ਬਾਰਸ਼ ਅਤੇ ਝੱਖੜ ਤੋਂ ਘਬਰਾਏ ਹੋਣ ਕਰਕੇ ਕਣਕ ਕੰਬਾਈਨ ਨਾਲ ਕੱਢਵਾ ਕੇ ਅਨਾਜ ਮੰਡੀ ਅੰਦਰ ਸੁੱਟਣ ਲਈ ਮਜਬੂਰ ਹਨ। ਅੱਜ ਪਿੰਡ ਲਦਾਲ ਦੇ ਕਿਸਾਨ ਜਸਵੀਰ ਸਿੰਘ ਪੁੱਤਰ ਚੂਹੜ ਸਿੰਘ ਨੇ ਆਪਣੀ ਕਣਕ ਦੀਆਂ ਚਾਰ ਟਰਾਲੀਆਂ ਮੰਡੀ ’ਚ ਆੜ੍ਹਤੀ ਚਰੰਜੀ ਲਾਲ ਓਮ ਪ੍ਰਕਾਸ਼ ਦੀ ਦੁਕਾਨ ’ਤੇ ਸੁੱਟ ਦਿੱਤੀਆਂ ਹਨ ਪਰ ਅਜੇ ਕਣਕ ਦੀ ਵਿਕਰੀ ਦੀ ਕੋਈ ਉਮੀਦ ਨਹੀਂ ਹੈ। ਬੇਸ਼ੱਕ ਐੱਸਡੀਐੱਮ ਪ੍ਰਮੋਦ ਸਿੰਗਲਾ ਨੇ ਖਰੀਦ ਏਜੰਸੀਆਂ ਨਾਲ ਖ੍ਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਹੈ ਅਤੇ ਅੱਜ ਹੀ ਖ੍ਰੀਦ ਏਜੰਸੀਆਂ ਨੂੰ ਮੰਡੀਆਂ ਦੀ ਅਲਾਟਮੈਂਟ ਹੋਈ ਹੈ। ਮਾਰਕਿਟ ਕਮੇਟੀ ਦੇ ਲੇਖਾਕਾਰ ਰਣਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਅਧਿਕਾਰੀਆਂ ਤੋਂ ਕਣਕ ਦੀ ਖਰੀਦ ਲਈ ਕੂਪਨ ਮੰਗੇ ਹਨ ਅਤੇ ਕਣਕ ਦੀ ਵਿਕਰੀ ਲਈ ਆੜ੍ਹਤੀਆਂ ਨੂੰ ਪਹਿਲਾਂ ਕੂਪਨ ਦਿੱਤੇ ਜਾਣਗੇ ਜਿਸ ਮਗਰੋਂ ਉਹ ਆਪਣੇ ਨਾਲ ਜੁੜੇ ਕਿਸਾਨਾਂ ਤੋਂ ਕਣਕ ਮੰਗਵਾ ਸਕਣਗੇ। ਆੜ੍ਹਤੀ ਐਸੋਸੀਏਸ਼ਨ (ਚੀਮਾ) ਦੇ ਜ਼ਿਲ੍ਹਾ ਪ੍ਰਧਾਨ ਸੰਜੈ ਸਿੰਗਲਾ ਤੋਂਤੂ, ਆੜ੍ਹਤੀ ਯੂਨੀਅਨ (ਕਾਲੜਾ) ਦੇ ਸੂਬਾਈ ਆਗੂ ਜੀਵਨ ਰੱਬੜ ਅਤੇ ਆੜ੍ਹਤੀ ਯੂਨੀਅਨ ਦੇ ਸਥਾਨਕ ਪ੍ਰਧਾਨ ਇੰਦਰਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਕਾਇਦਾ ਇਸ ਵਾਰ ਕੂਪਨ ਸਿਸਟਮ ਲਾਗੂ ਨਾ ਕਰਨ ਦੀ ਅਪੀਲ ਕੀਤੀ ਸੀ ਕਿਉਂਕਿ ਕਿਸਾਨ ਕਿਸੇ ਵੀ ਸੂਰਤ ’ਚ ਕਣਕ ਨੂੰ ਘਰੇ ਸੁੱਟਣ ਲਈ ਤਿਆਰ ਨਹੀਂ ਹੈ। ਇਸ ਕਰਕੇ ਆੜ੍ਹਤੀ ਕੂਪਨ ਸਿਸਟਮ ਨੂੰ ਮੁਸ਼ਕਲ ਨਾਲ ਲਾਗੂ ਕਰਨਗੇ।
ਧੂਰੀ, (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ 10 ਅਪਰੈਲ ਤੋਂ ਸ਼ੁਰੂ ਕੀਤੇ ਜਾਣ ਦੇ ਐਲਾਨ ਦੇ ਚੱਲਦਿਆਂ ਕਿਸਾਨਾਂ ਨੇ ਅਨਾਜ ਮੰਡੀ ਵਿੱਚ ਆਪਣੀ ਫਸਲ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਪਿੰਡ ਰਣੀਕੇ ਦੇ ਕਿਸਾਨ ਸਰਪੰਚ ਗੁਰਮੇਲ ਸਿੰਘ ਨੇ ਮੰਡੀ ਵਿੱਚ ਕਣਕ ਲਿਆਂਦੀ।
ਘੱਗਾ (ਪੱਤਰ ਪ੍ਰੇਰਕ): ਮਾਰਕੀਟ ਕਮੇਟੀ ਪਾਤੜਾਂ ਅਧੀਨ ਸਬ ਯਾਰਡ ਬਾਦਸ਼ਾਹਪੁਰ ਵਿਚ ਕਣਕ ਦੀਆਂ ਢੇਰੀਆਂ ਲੱਗ ਗਈਆਂ ਹਨ ਪਰ ਖਰੀਦ ਪ੍ਰਬੰਧਾਂ ਲਈ ਸਾਫ ਸਫਾਈ ਦਾ ਹਾਲ ਮਾੜਾ ਹੈ ਤੇ ਕੂੜੇ ਦੀਆਂ ਢੇਰੀਆਂ ਨੂੰ ਚੁੱਕਿਆ ਨਹੀਂ ਜਾ ਰਿਹਾ ਹੈ । ਭਾਵੇਂ ਪੰਜਾਬ ਸਰਕਾਰ ਵੱਲੋਂ 10 ਅਪਰੈਲ ਨੂੰ ਕਣਕ ਦੀ ਖਰੀਦ ਦਾ ਐਲਾਨ ਦੇ ਮਦੇਨਜ਼ਰ ਇਲਾਕੇ ਦੇ ਕਰੀਬ 30 ਪਿੰਡਾਂ ਦੀ ਇਸ ਮੰਡੀ ਵਿਚ ਕਣਕ ਦਾ ਜ਼ੋਰ ਹੈ।ਜਾਣਕਾਰੀ ਮੁਤਾਬਕ ਬਾਦਸ਼ਾਹਪੁਰ ਮੰਡੀ ਜਿਥੇ ਕਿ ਇੱਟਾਂ ਦਾ ਨਵਾਂ ਫੜ੍ਹ ਲਾਇਆ ਗਿਆ ਹੈ ਅਤੇ ਫੜ੍ਹ ਉਤੇ ਕਈ ਥਾਈਂ ਕੂੜੇ ਦੇ ਢੇਰ ਪਏ ਹੋਏ ਹਨ।ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਬਾਦਸ਼ਾਹਪੁਰ ਮੰਡੀ ਦੇ ਪ੍ਰਧਾਨ ਸੁਭਾਸ਼ ਗੋਇਲ ਨੇ ਦੱਸਿਆ ਕਿ ਮੰਡੀ ਵਿਚ ਕੂੜੇ ਦੇ ਢੇਰ ਚੁੱਕਾਉਣ ਲਈ ਉਹ ਸਫਾਈ ਠੇਕੇਦਾਰ ਨੂੰ ਵੀ ਕਈ ਵਾਰ ਕਹਿ ਚੁਕੇ ਹਨ ਤੇ ਮਾਰਕੀਟ ਕਮੇਟੀ ਪਾਤੜਾਂ ਦੇ ਧਿਆਨ ਵਿਚ ਵੀ ਲਿਆ ਦਿੱਤਾ ਹੈ ਪਰ ਫਿਰ ਵੀ ਕੂੜੇ ਦੇ ਢੇਰ ਚੁੱਕੇ ਨਹੀਂ ਜਾ ਰਹੇ ਜਿਸ ਕਾਰਨ ਦਿਕੱਤ ਹੈ।
ਮੰਡੀਆਂ ਵਿੱਚ ਕੂਪਨ ਸਿਸਟਮ ਹੀ ਚੱਲੇਗਾ
ਪਟਿਆਲਾ (ਖੇਤਰੀ ਪ੍ਰਤੀਨਿਧ): ਕਣਕ ਦੀ ਖ਼ਰੀਦ ਲਈ ਕਰੋਨਾ ਤਹਿਤ ਐਤਕੀਂ ਵੀ ਖ਼ਰੀਦ ਕੇਂਦਰਾਂ ’ਚ ਵਾਧਾ ਕਰਰਦਿਆਂ, ਪਟਿਆਲਾ ਜ਼ਿਲ੍ਹੇ ’ਚ 352 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ 110 ਮੰਡੀਆਂ, 212 ਰਾਈਸ ਮਿੱਲਾਂ ਅਤੇ 30 ਜਨਤਕ ਸਥਾਨਾਂ ’ਤੇ ਆਰਜ਼ੀ ਖ਼ਰੀਦ ਕੇਂਦਰ ਬਣਾਏ ਗਏ ਹਨ। ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਅਨੁਸਾਰ ਸੁਚੱਜੀ ਖ਼ਰੀਦ ਲਈ ਖ਼ਰੀਦ ਕੇਂਦਰਾਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਡੀ.ਐੱਫ.ਐੱਸ.ਸੀ. ਨੇ ਦੱਸਿਆ ਕਿ ਕਰੋਨਾ ਕਰਕੇ ਐਤਕੀਂ ਵੀ ਮੰਡੀਆਂ ਵਿਚ ਕਣਕ ਕੂਪਨ ਸਿਸਟਮ ਤਹਿਤ ਹੀ ਆਵੇਗੀ। ਇੱਕ ਕਿਸਾਨ ਇਕ ਕੂਪਨ ’ਤੇ ਇਕ ਟਰਾਲੀ ਹੀ ਲੈ ਕੇ ਆ ਸਕੇਗਾ। ਅਸਲ ਹੋਲੋਗਰਾਮ ਵਾਲ਼ੀ ਪਰਚੀ ਨਾਲ਼ ਹੀ ਮੰਡੀ ਵਿੱਚ ਦਾਖਲ ਹੋਇਆ ਜਾ ਸਕੇਗਾ।