ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 8 ਦਸੰਬਰ
ਅੱਜ ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਸੁਨਾਮ ਦੇ ਸਾਰੇ ਬਜ਼ਾਰ ਬੰਦ ਰਹੇ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਸੁਨਾਮ ਦੇ ਰੇਲਵੇ ਸਟੇਸ਼ਨ ਦੇ ਉੱਤੇ ਧਰਨਾ ਦੇ ਕੇ ਰੇਲਵੇ ਟਰੈਕ ਨੂੰ ਜਾਮ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੁਨਾਮ ਬਲਾਕ ਦੇ ਆਗੂ ਰਾਮ ਸ਼ਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠੇ, ਰਾਮਪਾਲ ਸੁਨਾਮ, ਅਮਰੀਕ ਗੰਢੂਆਂ, ਪਾਲ ਸਿੰਘ ਦੌਲੇਵਾਲਾ, ਬੰਤ ਜਵੰਧਾ ਆਦਿ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਤਾ ਗਿਆ ਭਾਰਤ ਬੰਦ ਦਾ ਸੱਦਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਆਖਿਆ ਕਿ ਹੁਣ ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ, ਖਿਡਾਰੀ, ਕਲਾਕਾਰ, ਦੁਕਾਨਦਾਰ, ਆੜ੍ਹਤੀਏ, ਵਕੀਲ, ਮਜ਼ਦੂਰ ਜਥੇਬੰਦੀਆਂ ਬਿਜਲੀ ਬੋਰਡ ਦੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਨੌਜਵਾਨ ਕਿਸਾਨਾਂ ਦੇ ਨਾਲ ਆ ਰਲੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਇਸੇ ਕਰਕੇ ਹੀ ਏਡੀ ਵੱਡੀ ਤਦਾਦ ਵਿੱਚ ਜਥੇਬੰਦੀਆਂ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ ਪਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲੇ ਵੀ ਆਪਣੀ ਗੱਲ ’ਤੇ ਉਤੇ ਅੜਿਆ ਹੋਇਆ ਹੈ।
ਬੁਲਾਰਿਆਂ ਨੇ ਜੁਝਾਰੂ ਰੂਪ ਵਿੱਚ ਆਖਿਆ ਕਿ ਉਹ ਕਿਸੇ ਵੀ ਕੀਮਤ ਤੇ ਉੱਤੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਤੱਕ ਨਹੀਂ ਜਾਣ ਦੇਣਗੇ ਤੇ ਜਿੰਨਾ ਚਿਰ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਨਾ ਚਿਰ ਕਿਸਾਨ ਦਿੱਲੀਓਂ ਨਹੀਂ ਹਿੱਲਣਗੇ। ਉਨ੍ਹਾਂ ਆਖਿਆ ਕਿ ਦਿੱਲੀਓਂ ਕਿਸਾਨ ਜਾ ਤਾਂ ਆਪਣੀ ਜਿੱਤ ਲੈ ਕੇ ਆਉਣਗੇ ਜਾਂ ਫਿਰ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਆਉਣਗੇ।