ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਅਗਸਤ
ਪੰਜਾਬ ਦੇ ਆਜ਼ਾਦੀ ਘੁਲਾਟੀਏ, ਰੱਖਿਆ ਸੇਵਾਵਾਂ ਅਤੇ ਫੂਡ ਪ੍ਰੋਸੈਸਿੰਗ ਤੇ ਬਾਗ਼ਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਉਨ੍ਹਾਂ ਨੂੰ ਬਾਗ਼ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਗ਼ ਲਾਉਣ ਨਾਲ ਜਿੱਥੇ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਵੇਗਾ, ਉੱਥੇ ਹੀ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਵੱਡੇ ਪੱਧਰ ’ਤੇ ਬਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਾਗ਼ ਲਾਉਣ ਲਈ ਉਤਸ਼ਾਹਤ ਕਰਨ ਲਈ ਕਿਸਾਨ ਮਿਲਣੀਆਂ ਕੀਤੀਆਂ ਜਾਣ ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫ਼ਲਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਬਾਗ਼ਾਂ ’ਚ ਆਉਣ ਵਾਲੀਆਂ ਬਿਮਾਰੀਆਂ ਅਤੇ ਇਨ੍ਹਾਂ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਜਾਵੇ।
ਇਸ ਤੋਂ ਪਹਿਲਾਂ ਸੰਗਰੂਰ ਪੁੱਜਣ ’ਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਜ਼ਿਲ੍ਹਾ ਪੁਲੀਸ ਦੀ ਟੁਕੜੀ ਵੱਲੋਂ ਰੈਸਟ ਹਾਊਸ ਵਿੱਚ ਸਲਾਮੀ ਦਿੱਤੀ ਗਈ। ਕੈਬਨਿਟ ਮੰਤਰੀ ਬਾਗ਼ਬਾਨੀ ਵਿਭਾਗ ’ਚ ਚੱਲ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਲਈ ਅੱਜ ਜ਼ਿਲ੍ਹਾ ਸੰਗਰੂਰ ਵਿੱਚ ਪਹੁੰਚੇ ਹੋਏ ਸਨ। ਕੈਬਨਿਟ ਮੰਤਰੀ ਵੱਲੋਂ ਬਾਗ਼ਬਾਨੀ ਵਿਭਾਗ ਦੇ ਸੰਗਰੂਰ ਵਿਚਲੇ ਜ਼ਿਲ੍ਹਾ ਦਫ਼ਤਰ ਤੋਂ ਇਲਾਵਾ ਨੇੜਲੇ ਪਿੰਡ ਖੇੜੀ ਵਿੱਚ ਸਥਿਤ ਵਿਭਾਗ ਦੇ ਬਾਗ਼ ਤੇ ਨਰਸਰੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਵੀ ਮੁਆਇਨਾ ਕੀਤਾ ਗਿਆ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਨੁਹਾਰ ਨੂੰ ਬਦਲਣ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋੜੀਂਦਾ ਬਦਲਾਅ ਲਿਆਂਦਾ ਜਾ ਸਕੇ।
ਸ੍ਰੀ ਸਰਾਰੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਵੀ ਬਾਗ਼ਬਾਨੀ ਵਿਭਾਗ ’ਚ ਲੋੜੀਂਦੇ ਸੁਧਾਰ ਕਰਕੇ ਇਸ ਨੂੰ ਸਹੀ ਲੀਹ ’ਤੇ ਲਿਆਉਣਾ ਹੈ ਜਿਸ ਤਹਿਤ ਅੱਜ ਸੰਗਰੂਰ ਜ਼ਿਲੇ ਦਾ ਦੌਰਾ ਕੀਤਾ ਗਿਆ ਹੈ ਤਾਂ ਜੋ ਕਮੀਆਂ ਦੀ ਸਮੀਖਿਆ ਕਰਕੇ ਭਵਿੱਖ ’ਚ ਵਿਭਾਗ ਦੀਆਂ ਗਤੀਵਿਧੀਆਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ, ਡਿਪਟੀ ਡਾਇਰੈਕਟਰ (ਬਾਗ਼ਬਾਨੀ) ਡਾ. ਨਿਰਵੰਤ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਡਾ. ਹਰਦੀਪ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ ਡਾ. ਅਮਨਪ੍ਰੀਤ ਕੌਰ, ਡਾ. ਬਲਜੀਤ ਕੁਮਾਰ, ਡਾ. ਪ੍ਰਹਿਲਾਦ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।