ਪੱਤਰ ਪ੍ਰੇਰਕ
ਸ਼ੇਰਪੁਰ, 4 ਅਗਸਤ
ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਘਨੌਰ ਖੁਰਦ ਵਿੱਚ ਕਿਸਾਨ ਰੈਲੀ ਕਰਕੇ ਡੂੰਘੇ ਹੋ ਰਹੇ ਧਰਤੀ ਹੇਠਲੇ ਪਾਣੀ ਕਾਰਨ ‘ਡਾਰਕ ਜ਼ੋਨ’ ਦੇ ਦਰਜਨਾਂ ਪਿੰਡਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਤਹਿਤ ਹਰ ਕਿਸਾਨ ਦੇ ਨੱਕੇ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੰਗ ਉਠਾਈ ਗਈ। ਜ਼ਿਕਰਯੋਗ ਹੈ ਕਿ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਇਸ ਤੋਂ ਪਹਿਲਾਂ ਪਿੰਡ ਫਰਵਾਹੀ, ਘਨੌਰ ਕਲਾਂ, ਕਲੇਰਾਂ, ਚਾਂਗਲੀ ਸਮੇਤ ਹੋਰ ਪਿੰਡਾਂ ਵਿੱਚ ਕੀਤੀਆਂ ਚੇਤਨਾਂ ਰੈਲੀਆਂ ਦੌਰਾਨ ਲੋਕ ਇਸ ਮੰਗ ਪ੍ਰਤੀ ਉਤਸ਼ਾਹ ਵਿਖਾ ਰਹੇ ਹਨ। ਪਿੰਡ ਘਨੌਰ ਖੁਰਦ ਵਿੱਚ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਕੇਕੇਯੂ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਆਗੂ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਜੇਕਰ ਨਹਿਰੀ ਪਾਣੀ ਇਸ ਡਾਰਕ ਜ਼ੋਨ ‘ਚ ਆਉਂਦੇ ਪਿੰਡਾਂ ਦੇ ਕਿਸਾਨਾਂ ਦੇ ਹਰ ਨੱਕੇ ਤੱਕ ਨਾ ਪਹੁੰਚਾਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਆਗੂਆਂ ਨੇ ਜਥੇਬੰਦੀ ਦੇ ਨਵੇਂ ਖੇਤੀ ਮਾਡਲ ਤੇ ਪਾਣੀਆਂ ਮੁੱਦੇ ਸਬੰਧੀ ਵੀ ਵਿਸਥਾਰਤ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 8 ਅਗਸਤ ਨੂੰ ਮੋਟਰਸਾਈਕਲ ਮਾਰਚ ਕਰਕੇ ਉਕਤ ਮੁੱਦਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿੱਚ ਮੰਗ ਪੱਤਰ ਸੌਂਪੇ ਜਾਣਗੇ।