ਪੱਤਰ ਪ੍ਰੇਰਕ
ਅਮਰਗੜ੍ਹ, 12 ਸਤੰਬਰ
ਕਿਸਾਨਾਂ ਵੱਲੋਂ ਸਰਹਿੰਦ ਤੋਂ ਸ਼ਹਿਣਾ ਬਣਾਏ ਜਾ ਰਹੇ ਨੈਸ਼ਨਲ ਹਾਈਵੇਅ ’ਤੇ ਪਿੰਡ ਚੌਂਦਾ ਨੇੜੇ ਲਗਾਇਆ ਜਾ ਰਿਹਾ ਧਰਨਾ ਅੱਜ 52ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਸਰਕਾਰ ਵੱਲੋਂ ਕੋਈ ਹਲ ਨਹੀਂ ਕੱਢਿਆ ਜਾ ਰਿਹਾ। ਇਸ ਮੌਕੇ ਦੀਦਾਰ ਸਿੰਘ, ਜੋਰਾ ਸਿੰਘ, ਅਮ੍ਰਿਤਾਪਲ ਸਿੰਘ, ਰਪਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੋ ਹਿੱਸਿਆਂ ਵਿਚ ਵੰਡੀਆਂ ਜਾਣਗੀਆਂ। ਟਿਊਬਵੈੱਲ ਦੀ ਥਾਂ ਬਦਲਣ ਦੇ ਨਾਲ-ਨਾਲ ਜ਼ਮੀਨ ਦੇ ਦੂਸਰੇ ਪਾਸੇ ਜਾਣ ਲਈ ਵੱਡਾ ਗੇੜਾ ਪਾ ਕੇ ਜਾਣਾ ਪਵੇਗਾ। ਸੜਕ ਉੱਚੀ ਬਣਾਏ ਜਾਣ ਕਾਰਨ ਬਰਸਾਤ ਦੇ ਪਾਣੀ ਦੀ ਨਿਕਾਸੀ ਵੀ ਰੁਕ ਜਾਵੇਗੀ। ਵੱਡਾ ਮਸਲਾ ਖੇਵਟਾਂ ਦਾ ਹੈ। ਸਰਕਾਰ ਨੇ ਜ਼ਮੀਨਾਂ ਦੇ ਪੈਸੇ ਖੇਵਟ ਦੇ ਹਿਸਾਬ ਨਾਲ ਸਾਰਿਆਂ ਨੂੰ ਪਾ ਦੇਣੇ ਹਨ। ਜਦੋਂ ਕਿ ਪੈਸੇ ਕਬਜ਼ੇ ਵਾਲੇ ਕਿਸਾਨ ਨੂੰ ਹੀ ਮਿਲਣੇ ਚਾਹੀਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਖੇਤਾਂ ਤੱਕ ਪਹੁੰਚ ਦਾ ਰਸਤਾ ਬਣਾਇਆ ਜਾਵੇ ਤਾਂ ਜੋ ਕਿਸਾਨ ਟੁਕੜੇ ਹੋਈ ਜ਼ਮੀਨ ’ਤੇ ਫਿਰ ਕੰਮ ਕਰ ਸਕਣ। ਇਸ ਮੌਕੇ ਨਿਰਮਲ ਸਿੰਘ, ਜਗਤਾਰ ਸਿੰਘ ਭਗਤ, ਕੁਲਦੀਪ ਸਿੰਘ, ਸੁਖਦੇਵ ਸਿੰਘ, ਦਲਬਾਰਾ ਸਿੰਘ, ਮੇਜਰ ਸਿੰਘ, ਬਹਾਦਰ ਸਿੰਘ, ਦਵਿੰਦਰ ਸਿੰਘ ਹਾਜ਼ਰ ਸਨ।