ਕਿਸਾਨਾਂ ਨੇ ਐੱਸਡੀਓ ਤੇ ਹੋਰ ਅਮਲਾ ਗਰਿੱਡ ਵਿੱਚ ਡੱਕਿਆ

ਕਿਸਾਨਾਂ ਨੇ ਐੱਸਡੀਓ ਤੇ ਹੋਰ ਅਮਲਾ ਗਰਿੱਡ ਵਿੱਚ ਡੱਕਿਆ

ਧਰਨਾਕਾਰੀਆਂ ਵਿੱਚ ਘਿਰੇ ਹੋਏ ਐੱਸਡੀਓ ਸੁਖਵੀਰ ਸਿੰਘ ਚੀਮਾ ਤੇ ਹੋਰ।

ਬੀਰਬਲ ਰਿਸ਼ੀ 

ਸ਼ੇਰਪਰ, 18 ਜੂਨ  

ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸਾਂਝੀ ਅਗਵਾਈ ਹੇਠ ਅੱਜ 66 ਕੇਵੀ ਗਰਿੱਡ ਘਨੌਰੀ ਕਲਾਂ ਦਾ ਮੁੱਖ ਗੇਟ ਘੇਰਿਆ ਗਿਆ ਤੇ ਮੌਕੇ ’ਤੇ ਪੁੱਜੇ ਐੱਸਡੀਓ ਸੁਖਵੀਰ ਸਿੰਘ ਚੀਮਾ ਸਮੇਤ ਹੋਰ ਅਮਲੇ ਨੂੰ ਗਰਿੱਡ ਅੰਦਰ ਤਾੜ ਲਿਆ ਗਿਆ। 

 ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਰਘਵੀਰ ਸਿੰਘ ਘਨੌਰ ਨੇ ਦੱਸਿਆ ਕਿ ਗਰਿੱਡ ਤੋਂ ਚਲਦੇ ਖੇਤੀਬਾੜੀ ਫੀਡਰ ‘ਘਨੌਰੀ’ ਪਿਛਲੇ ਵਰ੍ਹੇ ਤੋਂ ਓਵਰਲੋਡ ਚੱਲ ਰਿਹਾ ਸੀ। ਆਗੂਆਂ ਦਾ ਦੋਸ਼ ਸੀ ਕਿ ਹੁਣ ਤਕਰੀਬਨ ਦੋ ਮਹੀਨੇ ਤੋਂ ਨਵੀਂ ਬਿਜਲੀ ਲਾਈਨ ਕੱਢਣ ਦਾ ਸਾਰਾ ਸਾਮਾਨ ਗਰਿੱਡ ਵਿੱਚ ਪਿਆ ਹੈ ਪਰ ਬਿਜਲੀ ਲਾਈਨ ਕਢਵਾਏ ਜਾਣ ਲਈ ਕਿਸੇ ਵੀ ਬਿਜਲੀ ਅਧਿਕਾਰੀ ਨੇ ਆਪਣੀ ਕਥਿਤ ਤੌਰ ’ਤੇ ਜਿੰਮੇਵਾਰੀ ਨਹੀਂ ਸਮਝੀ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਕਿਸਾਨਾਂ ਨੇ ਅਹਿਦ ਕੀਤਾ ਕਿ ਜਿੰਨ੍ਹਾਂ ਸਮਾਂ ਘਨੋਰੀ ਫੀਡਰ ਨੂੰ ਅੰਡਰਲੋਡ ਕਰਕੇ ਸਪਲਾਈ ਚਾਲੂ ਨਹੀਂ ਕੀਤੀ ਜਾਂਦੀ, ਉਹ ਧਰਨੇ ਤੋਂ ਨਹੀਂ ਉਠਣਗੇ। ਕਿਸਾਨਾਂ ਨੇ ਮਾਮਲਾ ਚੀਫ ਇੰਜਨੀਅਰ ਪਟਿਆਲਾ ਦੇ ਧਿਆਨ ਵਿੱਚ ਲਿਆਂਦਾ ਜਿੰਨ੍ਹਾਂ ਫੌਰੀ ਐਕਸ਼ਨ ਲੈਣ ਦਾ ਦਾਅਵਾ ਕੀਤਾ।

  ਇਸੇ ਦੌਰਾਨ ਪਾਵਰਕੌਮ ਨੇ ਬਿਜਲੀ ਲਾਈਨ ਅੰਡਰਲੋਡ ਦਾ ਕੰਮ ਤੇਜ਼ੀ ਨਾਲ ਚਾਲੂ ਕੀਤਾ ਹੋਇਆ ਹੈ। ਦੁਪਹਿਰ 2 ਵਜੇ ਤੋਂ ਅਮਲੇ ਸਮੇਤ ਗਰਿੱਡ ’ਚ ਘਿਰੇ ਐੱਸਡੀਓ ਦੀ ਸ਼ਾਮ ਤੱਕ ਪੁਲੀਸ ਜਾਂ ਵਿਭਾਗ ਦੇ ਅਧਿਕਾਰੀਆਂ ਨੇ ਸਾਰ ਨਹੀਂ ਲਈ। ਖ਼ਬਰ ਲਿਖੇ ਜਾਣ ਤੱਕ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗਿਆ ਸੀ ਤੇ ਧਰਨਾ ਜਾਰੀ ਸੀ ਅਤੇ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਘਨੌਰੀ ਨੇ ਕਿਸਾਨਾਂ ਲਈ ਚਾਹ, ਪਾਣੀ ਅਤੇ ਰਾਤ ਦੇ ਲੰਗਰ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਐਕਸੀਅਨ (ਧੂਰੀ) ਮਨੋਜ ਕੁਮਾਰ ਨੇ ਬਿਜਲੀ ਲਾਈਨ ਤੁਰੰਤ ਅੰਡਰਲੋਡ ਕਰਨ ਅਤੇ ਕਿਸਾਨਾਂ ਨੂੰ ਬਕਾਇਆ ਬਿਜਲੀ ਦੇਣ ਦਾ ਭਰੋਸਾ ਦਿੱਤਾ। 

ਐਕਸੀਅਨ ਨੇ ਮੌਕੇ ’ਤੇ ਪਹੁੰਚ ਕੇ ਧਰਨਾ ਚੁਕਵਾਇਆ

ਪਾਵਰਕੌਮ ਦੇ ਐਕਸੀਅਨ (ਧੂਰੀ) ਮਨੋਜ ਕੁਮਾਰ ਸ਼ਾਮ ਵੇਲੇ 66 ਕੇਵੀ ਗਰਿੱਡ ਘਨੌਰੀ ਕਲਾਂ ਪੁੱਜੇ ਤੇ ਧਰਨਾਕਾਰੀ ਕਿਸਾਨਾਂ ਨੂੰ ਰਾਤ ਅੱਠ ਵਜੇ ਤੱਕ ਬਿਜਲੀ ਸਪਲਾਈ ਚਾਲੂ ਕਰਨ ਦਾ ਭਰੋਸਾ ਦੇ ਕੇ ਧਰਨਾ ਉਠਵਾਇਆ। ਦੋ ਘੰਟੇ ਕੰਮ ਦੀ ਖੁਦ ਦੇਖ-ਰੇਖ ਕਰਦਿਆਂ ਐਕਸੀਅਨ ਨੇ ਬਿਜਲੀ ਕਰਮਚਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਤੇ ਬਿਜਲੀ ਸਪਲਾਈ ਚਾਲੂ ਕਰਵਾਕੇ ਹੀ ਵਾਪਸ ਗਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All