ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਅਕਤੂਬਰ
ਇਥੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਇੰਸ ਪੈਟਰੋਲ ਪੰਪ ਅੱਗੇ ਲਗਾਤਾਰ ਦਿਤਾ ਜਾ ਰਿਹਾ ਧਰਨਾ 20ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ। ਅੱਜ ਦੇ ਧਰਨੇ ਵਿੱਚ ਨੌਜਵਾਨ ਹਰਜਿੰਦਰ ਸਿੰਘ ਅਤੇ ਮਿੱਠੂ ਸਿੰਘ ਨੰਗਲਾ ਨੇ ਇਨਕਲਾਬੀ ਗੀਤ ਗਾਏ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਜਥੇਬੰਦੀ ਨੂੰ ਪੰਜਾਬ ਸਰਕਾਰ ਤੋਂ ਬਹੁਤੀ ਆਸ ਨਹੀਂ ਹੈ, ਜਿਸ ਕਰਕੇ ਅੱਜ ਦੇ ਇਜਲਾਸ ਮਗਰੋਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬੁੱਧਵਾਰ ਨੂੰ ਬੁਲਾਈ ਗਈ ਹੈ ਪਰ ਕਿਸਾਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਹਰ ਪੱਖ ਤੋਂ ਲਗਾਤਾਰ ਸੰਘਰਸ਼ ਜਾਰੀ ਰੱਖਣਗੇ। ਅੱਜ ਦੇ ਧਰਨੇ ’ਚ ਬਹੁਤੀਆਂ ਔਰਤਾਂ ਸਿਰਾਂ ’ਤੇ ਕੇਸਰੀ ਚੁੰਨੀਆਂ ਲੈਕੇ ਸ਼ਾਮਲ ਹੋਈਆਂ।
ਇਸ ਧਰਨੇ ਨੂੰ ਜਥੇਬੰਦੀ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਬਹਾਲ ਸਿੰਘ ਢੀਂਡਸਾ, ਰਾਮ ਸਿੰਘ ਨੰਗਲਾ, ਸੂਬਾ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਚੰਗਾਲੀਵਾਲਾ ਨੇ ਸੰਬੋਧਨ ਕਰਦੇ ਕਿਹਾ ਕਿ 25 ਅਕਤੂਬਰ ਨੂੰ ਕਿਸਾਨ ਦੇਸ਼ ਦੇ ਰਾਵਨਰੂਪੀ ਨਰਿੰਦਰ ਮੋਦੀ ਅਤੇ ਸਾਥੀ ਕਾਰਪੋਰੇਟਰਾਂ ਦੇ ਪੁਤਲੇ ਫੂਕਣਗੇ।