ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਕਤੂਬਰ
ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵਲੋਂ ਇਥੇ ਡੀ.ਸੀ. ਕੰਪਲੈਕਸ ਅੱਗੇ ਵਿਸ਼ਾਲ ਰੋਸ ਧਰਨੇ ਦਿੱਤੇ ਗਏ ਅਤੇ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਜਿਥੇ ਲਖੀਮਪੁਰ ਖੀਰੀ ਦੀ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੂੰ ਤੁਰੰਤ ਕੇਂਦਰੀ ਮੰਤਰੀ ਮੰਡਲ ’ਚੋਂ ਬਰਖਾਸਤ ਕਰਕੇ ਗ੍ਰਿਫ਼ਤਾਰ ਕਰਾਉਣ ਅਤੇ ਖੇਤੀ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ।
ਇਥੇ ਡੀ.ਸੀ. ਕੰਪਲੈਕਸ ਦੇ ਮੁੱਖ ਗੇਟ ਅੱਗੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਆਵਾਜਾਈ ਠੱਪ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਸੈਂਕੜੇ ਕਿਸਾਨਾਂ ਤੇ ਬੀਬੀਆਂ ਨੇ ਕੰਪਲੈਕਸ ਦੇ ਪਿਛਲੇ ਗੇਟ ਅੱਗੇ ਰੋਸ ਧਰਨਾ ਦਿੰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨੇ ਨੂੰ ਸੂਬਾ ਆਗੂ ਜਨਕ ਸਿੰਘ ਭੂਟਾਲ, ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਰਣਜੀਤ ਸਿੰਘ ਲੌਂਗੋਵਾਲ, ਗੁਰਦੀਪ ਕੰਮੋਮਾਜਰਾ, ਕਰਮਜੀਤ ਮੰਗਵਾਲ, ਹਰਦੇਵ ਸਿੰਘ ਕੁਲਾਰਾਂ, ਮਿੱਠੂ ਸਿੰਘ ਕਿਲਾਭਰੀਆਂ ਅਤੇ ਜਸਵਿੰਦਰ ਕੌਰ ਬਾਲੀਆਂ ਨੇ ਸੰਬੋਧਨ ਕੀਤਾ। ਜਦੋਂ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ’ਚੋ ਰੋਹੀ ਸਿੰਘ ਮੰਗਵਾਲ, ਦਰਬਾਰਾ ਸਿੰਘ ਨਾਗਰਾ, ਮੱਘਰ ਸਿੰਘ ਉਭਾਵਾਲ, ਇੰਦਰਪਾਲ ਪੁੰਨਾਂਵਾਲ, ਜਰਨੈਲ ਸਿੰਘ ਜਹਾਂਗੀਰ, ਹਰਮੇਲ ਸਿੰਘ ਮਹਿਰੋਕ, ਮੰਗਤ ਰਾਮ ਲੌਂਗੋਵਾਲ, ਕੁਲਦੀਪ ਜੋਸ਼ੀ, ਨਿਰਮਲ ਘਨੌਰ, ਊਧਮ ਸਿੰਘ ਸੰਤੋਖਪੁਰਾ, ਸੰਤ ਰਾਮ ਛਾਜਲੀ ਆਦਿ ਨੇ ਸੰਬੋਧਨ ਕੀਤਾ।