ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਜੂਨ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨੀ ਮੰਗਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸੰਕੇਤਕ ਰੋਸ ਧਰਨਾ ਗਿਆ ਅਤੇ ਅਨਾਜ ਮੰਡੀ ਵਿਚ ਇਕੱਤਰਤਾ ਦੌਰਾਨ ਇੱਕ ਮਤਾ ਪਾਸ ਕਰਨ ਮਗਰੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂ ਊਧਮ ਸਿੰਘ ਸੰਤੋਖਪੁਰਾ, ਸਰਬਜੀਤ ਸਿੰਘ ਵੜੈਚ, ਭਜਨ ਸਿੰਘ, ਹਰਦੇਵ ਸਿੰਘ ਲੌਂਗੋਵਾਲ, ਸਤਵੰਤ ਸਿੰਘ, ਜਸਦੀਪ ਸਿੰਘ ਬਹਾਦਰਪੁਰ, ਸੁਖਦੇਵ ਸਿੰਘ ਉਭਾਵਾਲ, ਅਵਤਾਰ ਸਿੰਘ, ਬਲਿਹਾਰ ਸਿੰਘ ਸਾਹੋਕੇ, ਰਾਮ ਸਿੰਘ, ਮੇਜਰ ਸਿੰਘ ਢੱਡਰੀਆਂ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮੂੰਗੀ ਅਤੇ ਮੱਕੀ ਦੀ ਫਸਲ ਬਿਨਾਂ ਸ਼ਰਤ ਖਰੀਦ ਕੀਤੀ ਜਾਵੇ, ਨਹਿਰੀ ਪਾਣੀ ਛੱਡਣ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ, ਮੂੰਗੀ ਦੀ ਖਰੀਦ ਸਬੰਧੀ ਫਰਦ, ਪ੍ਰਤੀ ਏਕੜ ਪੰਜ ਕੁਇੰਟਲ ਦੀ ਲਗਾਈ ਸ਼ਰਤ ਰੱਦ ਕੀਤੀ ਜਾਵੇ ਆਦਿ ਮੰਗਾਂ ਦਾ ਹੱਲ ਯਕੀਨੀ ਬਣਾਇਅ ਜਾਵੇ।
ਪਾਤੜਾਂ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਐੱਸਡੀਐਮ ਪਾਤੜਾਂ ਨਵਦੀਪ ਕੁਮਾਰ ਨੂੰ ਸੌਂਪਿਆ ਹੈ। ਇਸੇ ਦੌਰਾਨ ਕਿਸਾਨ ਆਗੂਆਂ ਤੇ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਹਾਜ਼ਰ ਸਨ।
ਕਿਸਾਨਾਂ ਵੱਲੋਂ ਐਸਡੀਐਮ ਨੂੰ ਮੰਗ ਪੱਤਰ ਸੌਂਪਿਆ
ਲਹਿਰਾਗਾਗਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤਹਿਤ ਅੱਜ ਇੱਥੋਂ ਦੇ ਇਲਾਕਾ ਆਗੂਆਂ ਨੇ ਮੂੰਗੀ ਤੇ ਮੱਕੀ ਦੀ ਖਰੀਦ ਅਤੇ ਨਹਿਰੀ ਪਾਣੀ ਦੀ ਵਿਵਸਥਾ ਲਈ ਐੱਸਡੀਐੱਮ ਦੇ ਨਾਮ ਮੰਗ ਪੱਤਰ ਦਿੱਤਾ। ਐੱਸਡੀਐੱਮ ਨਵਰੀਤ ਕੌਰ ਸੇਖੋਂ ਨਾ ਹੋਣ ਕਾਰਨ ਉਨ੍ਹਾਂ ਦੇ ਰੀਡਰ ਅਜੀਤਪਾਲ ਨੇ ਕਿਸਾਨਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਪ੍ਰਧਾਨ, ਸਤਵੰਤ ਸਿੰਘ ਸਰਪੰਚ ਖੰਡੇਬਾਦ, ਬਲਵਿੰਦਰ ਮੰਡੇਰ, ਲਛਮਣ ਸਿੰਘ ਅਲੀਸ਼ੇਰ ਹਾਜ਼ਰ ਸਨ।