ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਫਰਵਰੀ
ਸਰਕਾਰ ਨੇ ਭਾਵੇਂ ਕਿ 7 ਫਰਵਰੀ ਤੋਂ ਪੰਜਵੀਂ ਜਮਾਤ ਤੋਂ ਉੱਪਰਲੀਆਂ ਜਮਾਤਾਂ ਲਈ ਤਾਂ ਸਕੂਲ ਖੋਲ੍ਹ ਦਿੱਤੇ ਹਨ ਪਰ ਹੁਣ ਪ੍ਰਾਈਮਰੀ ਸਕੂਲ ਖੁਲ੍ਹਵਾਉਣ ਲਈ ਵੀ ਕਿਸਾਨ, ਮਾਪੇ, ਅਧਿਆਪਕ ਅਤੇ ਹੋਰ ਵਰਗ ਸੜਕਾਂ ’ਤੇ ਆ ਗਏ ਹਨ। ਇਸ ਦੇ ਚੱਲਦਿਆਂ ਕਿਸਾਨਾਂ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ’ਚ ਵੱੱਖ ਵੱਖ ਥਾਵਾਂ ’ਤੇ ਧਰਨੇ ਲਾ ਕੇ ਸੜਕੀ ਆਵਜਾਈ ਰੋਕੀਂ ਰੱਖੀ। ਇਸ ਦੌਰਾਨ ਜਿਥੇ ਪਸਿਆਣਾ-ਕੈਂਚੀਆਂ ’ਤੇ ਧਰਨਾ ਮਾਰ ਕੇ ਨੈਸ਼ਨਲ ਹਾਈਵੇ ਜਾਮ ਕਰ ਕੇ ਰੱਖਿਆ, ਉੱਥੇ ਹੀ ਚੀਕਾ ਰੋਡ ਸਮੇਤ ਹੋਰ ਥਾਵਾਂ ’ਤੇ ਵੀ ਧਰਨੇ ਲੱਗੇ। ਪਸਿਆਣਾ ਕੈਂਚੀਆਂ ਵਿਚਲੇ ਧਰਨੇ ਨੂੰ ਕਿਰਤੀ ਕਿਸਾਨ ਸਭਾ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਇੱਕ ਹੋਰ ਧਰਨੇ ਨੂੰ ਸੰਬੋਧਨ ਕਰਨ ਵਾਲ਼ਿਆਂ ’ਚ ਦਵਿੰਦਰ ਪੂਨੀਆਂ, ਮੁਖਤਿਆਰ ਕੱਕੇਪੁਰ, ਬਲਜੀਤ ਪੰਜੋਲਾ, ਸੁਖਵਿੰਦਰ ਭਾਨਰਾ ਤੇ ਦਰਸ਼ਨ ਮਰਦਾਂਹੇੜੀ ਆਦਿ ਦੇ ਨਾਮ ਵੀ ਸ਼ਾਮਲ ਰਹੇ। ਧਰਨਿਆਂ ’ਚ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਗਜੀਤ ਜਟਾਣਾ, ਮੁਲਾਜ਼ਮ ਆਗੂ ਦਰਸ਼ਨ ਲੂਮਾਜਰਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਵਾਉਣ, ਨੁਕਸਾਨੇ ਗਏ ਨਰਮੇ ਦਾ ਮੁਆਵਜ਼ਾ ਜਾਰੀ ਕਰਵਾਉਣ, ਗੰਨੇ ਦੀ ਫਸਲ ਦੇ ਬਕਾਏ ਸਬੰਧੀ ਕੀਤੇ ਐਲਾਨ ਨੂੰ ਲਾਗੂ ਕਰਵਾਉਣ, ਬਾਰਸ਼ ਕਾਰਨ ਆਲੂ ਦੀ ਨੁਕਸਾਨੀ ਗਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿਵਾਉਣ ਆਦਿ ਮੰਗਾਂ ਨੂੰ ਲੈ ਕੇ ਅੱਜ ਇਹ ਪ੍ਰਦਰਸ਼ਨ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸਾਂਝੇ ਸੱਦੇ ਤਹਿਤ ਹੀ ਕੀਤੇ ਗਏ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ ’ਤੇ ਸਕੂਲ ਖੁੱਲ੍ਹਵਾਉਣ ਅਤੇ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਇੱਥੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਵਿੱਚ ਦੋ ਘੰਟੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ ਅਤੇ ਕੇਂਦਰ ਤੇ ਰਾਜ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਦੁਪਹਿਰੇ ਤੱਕ ਦਿੱਲੀ-ਲੁਧਿਆਣਾ ਹਾਈਵੇਅ ’ਤੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਗਲਤ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਭਾਕਿਯੂ ਰਾਜੇਵਾਲ ਦੇ ਆਗੂ ਰੋਹੀ ਸਿੰਘ ਮੰਗਵਾਲ, ਕਿਰਤੀ ਕਿਸਾਨ ਯੂਨੀਅ ਦੇ ਆਗੂ ਜਰਨੈਲ ਸਿੰਘ ਜਹਾਂਗੀਰ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੋੇ ਸਕੱਤਰ ਮੇਜਰ ਸਿੰਘ ਪੁੰਨਾਂਵਾਲ, ਕੁਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਬਲਦੇਵ ਸਿੰਘ ਨਿਹਾਲਗੜ੍ਹ, ਭਾਕਿਯੂ ਲੱਖੋਵਾਲ ਦੇ ਅਵਤਾਰ ਸਿੰਘ ਬਾਦਸ਼ਾਹਪੁਰ, ਨਿਰਮਲ ਸਿੰਘ ਘਨੌਰ, ਭਾਕਿਯੂ ਕਾਦੀਆਂ ਦੇ ਮਹਿੰਦਰ ਸਿੰਘ ਬੁਗਰਾ ਆਦਿ ਨੇ ਸੰਬੋਧਨ ਕੀਤਾ।