ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ
ਸੰਯੁਕਤ ਮੋਰਚੇ ਦੇ ਸੱਦੇ ਉਤੇ ਅੱਜ ਭਾਰਤ ਬੰਦ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਸੁਨਾਮ ਵਿਖੇ ਰੇਲਵੇ ਟਰੈਕ ਉਤੇ ਜਾਮ ਲਾ ਦਿੱਤਾ ਗਿਆ। ਇਸ ਮੌਕੇ ਮੌਜੂਦ ਜਥੇਬੰਦੀ ਦੇ ਆਗੂਆਂ ਗੋਬਿੰਦ ਸਿੰਘ ਚੱਠੇ, ਸੁਖਪਾਲ ਮਾਣਕ ਕਣਕਵਾਲੀਆ, ਰਾਮਪਾਲ ਸੁਨਾਮ, ਮਹਿੰਦਰ ਸਿੰਘ ਨਮੋਲ ਆਦਿ ਨੇ ਕਿਹਾ ਕਿ ਅੱਜ ਦਾ ਬੰਦ ਮੋਦੀ ਸਰਕਾਰ ਦੀਆਂ ਅੱਖਾਂ ਖੋਲ੍ਹ ਦੇਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਬੰਦ ਵਿੱਚ ਭਾਜਪਾ ਵਿਰੋਧੀ ਹਰ ਇੱਕ ਜਥੇਬੰਦੀ ਹੁੰਮ ਹੁਮਾ ਕੇ ਸ਼ਮੂਲੀਅਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਚੱਲ ਰਿਹਾ ਕਿਸਾਨੀ ਸੰਘਰਸ਼ ਪੂਰੇ ਜੋਬਨ ’ਤੇ ਹੈ। ਇਸ ਸੰਘਰਸ਼ ਦੌਰਾਨ ਕਰੀਬ ਛੇ ਸੌ ਕਿਰਤੀ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪ੍ਰੰਤੂ ਭਾਜਪਾ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਇਹ ਕਹਿ ਕੇ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਵਿੱਚ ਹਨ, ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ।
ਕੈਪਸ਼ਨ: ਸੁਨਾਮ ਵਿਖੇ ਰੇਲਵੇ ਟਰੈਕ ਉੱਤੇ ਧਰਨਾ ਦੇ ਕੇ ਰੇਲਾਂ ਜਾਮ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨ।