ਪੱਤਰ ਪ੍ਰੇਰਕ
ਲਹਿਰਾਗਾਗਾ, 19 ਅਪਰੈਲ
ਸੁਨਾਮ ਸਾਇਲੋ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ 11 ਅਪਰੈਲ ਨੂੰ ਦਿੱਤੇ ਧਰਨੇ ਦੌਰਾਨ ਪਿੰਡ ਸੰਗਤਪੁਰਾ ਦੇ ਕਿਸਾਨ ਕਰਮਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੂੰ ਮਾਲੀ ਮੱਦਦ ਅਤੇ ਸਰਕਾਰੀ ਨੌਕਰੀ ਦਿਵਾਉਣ ਲਈ ਉਕਤ ਜਥੇਬੰਦੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਐਸ ਡੀ ਐਮ ਲਹਿਰਾਗਾਗਾ ਦੇ ਦਫ਼ਤਰ ਲਾਇਆ ਧਰਨਾ ਅੱਜ 8 ਵੇ ਦਿਨ ਵੀ ਜਾਰੀ ਰਿਹਾ ਹੈ ਪ੍ਰੰਤੂ ਸਰਕਾਰ ਨੇ ਅਜੇ ਤੱਕ ਕਿਸਾਨਾਂ ਦੀ ਗੱਲ ਨਹੀਂ ਸੁਣੀ ਅਤੇ ਨਾ ਹੀ ਇਸ ਮਸਲੇ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਈ ਸਾਰਥਕ ਕਦਮ ਪੁਟਿਆ ਗਿਆ ਹੈ। ਕਿਸਾਨ ਬੀਬੀਆਂ ਅਤੇ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੇ ਸਬਰ ਨੂੰ ਪਰਖਣਾ ਬੰਦ ਕਰਕੇ ਕਿਸਾਨ ਦੇ ਪੀੜਤ ਪਰਿਵਾਰ ਨੂੰ 10 ਲੱਖ ਰੁਪਿਆ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਨਾਲ ਪਰਿਵਾਰ ਸਿਰ ਚੜ੍ਹਿਆ ਸਾਰਾ ਸਰਕਾਰੀ ਅਤੇ ਗੈਰ ਸਰਕਾਰੀ ਕਰਜਾ ਮੁਆਫ ਕਰੇ। ਉਨ੍ਹਾਂ ਕਿਹਾ,‘ਜਦੋਂ ਤੱਕ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਮੰਗ ਨੂੰ ਪੂਰੀ ਨਹੀਂ ਕਰੇਗਾ ਉਦੋਂ ਤੱਕ ਅਸੀਂ ਕਿਸਾਨ ਕਰਮਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕਰਨ ਦੇਵਾਂਗੇ। ਅੱਜ ਲਹਿਰਾਗਾਗਾ ਸ਼ਹਿਰ ਵਿੱਚ ਜਥੇਬੰਦੀ ਨੇ ਸੈਂਕੜੇ ਕਿਸਾਨਾ ਮਜ਼ਦੂਰਾਂ ਸਮੇਤ ਵੱਡੀ ਸਾਧਨਾਂ ਦੇ ਕਾਫਲੇ ਨਾਲ ਰੋਸ ਰੈਲੀ ਕੀਤੀ।