ਪੱਤਰ ਪ੍ਰੇਰਕ
ਸ਼ੇਰਪੁਰ, 21 ਜੁਲਾਈ
ਸੰਯੁਕਤ ਕਿਸਾਨ ਮੋਰਚਾ ਦੇ ਫ਼ੈਸਲੇ ਤਹਿਤ 22 ਜੁਲਾਈ ਤੋਂ ਪਾਰਲੀਮੈਂਟ ਸਾਹਮਣੇ ਚੱਲਣ ਵਾਲੀ ਕਿਸਾਨ ਪਾਰਲੀਮੈਂਟ ਦੇ ਜਥੇ ’ਚ ਸ਼ਾਮਲ ਹੋਣ ਲਈ ਕਿਰਤੀ ਕਿਸਾਨ ਯੂਨੀਅਨ ਦਾ ਦੂਜਾ ਪੰਜ ਮੈਂਬਰੀ ਜਥਾ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਵੱਖ-ਵੱਖ ਥਾਵਾਂ ’ਤੇ ਹੋਏ ਭਰਵੇਂ ਸਮਾਗਮਾਂ ਦੌਰਾਨ ਕੀਤੇ ਮਾਣ-ਸਨਮਾਨ ਮਗਰੋਂ ਦਿੱਲੀ ਲਈ ਰਵਾਨਾ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਇਸ ਦੂਜੇ ਜਥੇ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਆਗੂ ਦਰਸ਼ਨ ਕੁੰਨਰ, ਸਰਬਜੀਤ ਸਿੰਘ ਅਲਾਲ, ਜੂਝਾਰ ਸਿੰਘ ਬਡਰੁੱਖਾਂ, ਬਲਵਿੰਦਰ ਸਿੰਘ ਢੱਡਰੀਆਂ ਅਤੇ ਗੁਰਮੀਤ ਸਿੰਘ ਢੱਡਰੀਆਂ ਸ਼ਾਮਲ ਸਨ। ਪਿੰਡ ਘਨੌਰੀ ਕਲਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਦਵਿੰਦਰ ਸਿੰਘ ਘਨੌਰੀ ਦੀ ਅਗਵਾਈ ਹੇਠ ਹੋਏ ਸਮਾਗ਼ਮ ਦੌਰਾਨ ਦਿੱਲੀ ਰਵਾਨਾ ਹੋ ਰਹੇ ਆਗੂਆਂ ਦਾ ਸਨਮਾਨ ਕੀਤਾ ਤੇ ਜਿੱਤ ਕੇ ਮੁੜਨ ਦੀ ਕਾਮਨਾ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਗ੍ਰਿਫ਼ਤਾਰੀ ਹੋਣ ’ਤੇ ਸੰਯੁਕਤ ਮੋਰਚੇ ਦੇ ਫ਼ੈਸਲੇ ਦੇ ਮੱਦੇਨਜ਼ਰ ਜ਼ਮਾਨਤ ਵੀ ਨਹੀਂ ਕਰਵਾਉਣਗੇ।
ਰਾਜਪੁਰਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਪਾਰਲੀਮੈਂਟ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਇਸ ਖੇਤਰ ਦੇ ਵੱਡੀ ਗਿਣਤੀ ਕਿਸਾਨਾਂ ਦਾ ਕਾਫਲਾ ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ, ਚਰਨਜੀਤ ਸਿੰਘ ਲਾਛੜੂ ਅਤੇ ਮਨਿੰਦਰਜੀਤ ਸਿੰਘ ਵਿੱਕੀ ਦੀ ਅਗਵਾਈ ਵਿੱਚ ਸ਼ੰਭੂ ਬੈਰੀਅਰ ਤੋਂ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਕਾਰਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਦਾ ਇਹ ਕਾਫਲਾ ਕਿਸਾਨ ਪਾਰਲੀਮੈਂਟ ਸੈਸ਼ਨ ਵਿੱਚ ਸ਼ਾਮਲ ਹੋਵੇਗਾ।
ਅਮਰਗੜ੍ਹ (ਪੱਤਰ ਪ੍ਰੇਰਕ): ਟੌਲ ਪਲਾਜ਼ਾ ਮਾਹੋਰਾਣਾ ਵਿੱਚ ਕਿਸਾਨ ਧਰਨਾ 286ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਕਾਂਗਰਸ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਨਰਿੰਦਰਜੀਤ ਸਿੰਘ ਸਲਾਰ, ਸਵਿੰਦਰ ਸਿਘ ਭੂਮਸੀ, ਗੁਰਦੇਵ ਸਿੰਘ ਸੰਗਾਲਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਹਰ ਤਰ੍ਹਾਂ ਦਾ ਸ਼ਾਂਤਮਈ ਸੰਘਰਸ਼ ਵਿੱਢਣ ਦਾ ਫੈ਼ਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਦ ਅੱਗੇ ਲਗਾਏ ਜਾ ਰਹੇ ਧਰਨੇ ਵਿੱਚ ਪਿੰਡਾਂ ਵਿੱਚੋਂ ਵੱਡੀ ਗਿਣਤੀ ’ਚ ਜਥੇ ਦਿੱਲੀ ਲਈ ਜ਼ਰੂਰੀ ਸਾਮਾਨ ਲੈ ਕੇ ਰਵਾਨਾ ਹੋਏ ਹਨ।
ਲੱਡਾ ਟੌਲ ਪਲਾਜ਼ਾ ’ਤੇ ਧਰਨਾ 293ਵੇਂ ਦਿਨ ਵੀ ਜਾਰੀ਼
ਧੂਰੀ (ਖੇਤਰੀ ਪ੍ਰਤੀਨਿਧ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਹਰਬੰਸ ਸਿੰਘ ਲੱਡਾ, ਹਰਪਾਲ ਸਿੰਘ ਪੇਧਨੀ ਦੀ ਅਗਵਾਈ ਹੇਠ ਲਾਇਆ ਧਰਨਾ 293ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਧਰਨੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ 22 ਜੁਲਾਈ ਨੂੰ ਸੰਸਦ ਅੱਗੇ ਦਿੱਤੇ ਜਾਣ ਵਾਲੇ ਕਿਸਾਨੀ ਧਰਨੇ ਵਿੱਚ ਬਲਾਕ ਧੂਰੀ ਵਿੱਚੋਂ 200 ਕਿਸਾਨਾਂ ਦਾ ਜਥਾ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਦਿੱਲੀ ਦੇ ਬਾਡਰਾਂ ਉੱਪਰ ਕਿਸਾਨ ਡਟੇ ਹੋਏ ਹਨ ਤੇ ਉਨ੍ਹਾਂ ਸਮਾ ਉੱਥੋ ਨਹੀਂ ਉੱਠਦੇ ਜਿਨ੍ਹਾਂ ਚਿਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਪਿੰਡਾਂ ਅੰਦਰ ਰਾਜਨੀਤਕ ਪਾਰਟੀਆਂ ਦਾ ਵਿਰੋਧ ਜਾਰੀ ਰਹੇਗਾ।