ਹਰਦੀਪ ਸਿੰਘ ਸੋਢੀ
ਧੂਰੀ, 14 ਸਤੰਬਰ
ਸਥਾਨਕ ਖੰਡ ਮਿੱਲ ਵੱਲ ਕਿਸਾਨਾਂ ਦੀ ਰਹਿੰਦੀ ਅਦਾਇਗੀ ਕਰਵਾਉਣ ਲਈ ਰੱਖੀ ਗਈ ‘ਨਿਲਾਮੀ’ ਵਾਲੇ ਦਿਨ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਦੇ ਪੁੱਜਣ ਤੋਂ ਬਾਅਦ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ, ਜਦੋਂ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਚੇਅਰਮੈਨ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਆਬਕਾਰੀ ਤੇ ਕਰ ਵਿਭਾਗ ਦੀ ਟੀਮ ਅਤੇ ਉਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੰਦੀ ਬਣਾ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਆਬਕਾਰੀ ਤੇ ਕਰ ਵਿਭਾਗ ਦੀ ਟੀਮ ਖੰਡ ਮਿੱਲ ਵੱਲ ਸਾਲ 1974 ਤੋਂ ਰਹਿੰਦੀ ਟੈਕਸ ਦੀ ਕਰੀਬ 40 ਕਰੋੜ ਰੁਪਏ ਤੋਂ ਵੱਧ ਦੀ ਰਕਮ ਵਸੂਲ ਕਰਨ ਆਈ ਸੀ, ਜਿਸ ਤੋਂ ਗੁੱਸਾਏ ਗੰਨਾ ਕਾਸ਼ਤਕਾਰਾਂ ਨੇ ਮਿੱਲ ਦੇ ਗੇਟ ਬੰਦ ਕਰਕੇ ਆਬਕਾਰੀ ਅਫਸਰ ਰੋਹਿਤ ਅੱਗਰਵਾਲ ਅਤੇ ਉਨਾਂ ਦੇ ਨਾਲ ਆਈ ਟੀਮ ਦੇ ਨਾਲ-ਨਾਲ ਤਹਿਸੀਲਦਾਰ ਧੂਰੀ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ਼ ਅਤੇ ਨਾਲ ਆਏ ਅਮਲੇ ਨੂੰ ਮਿੱਲ ਅੰਦਰ ਹੀ ਬੰਦੀ ਬਣਾ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਗੁੱਸੇ ਨੂੰ ਮੱਠਾ ਕਰਨ ਲਈ ਫਰਜ਼ੀ ਨਿਲਾਮੀ ਰੱਖੀ ਗਈ ਸੀ ਅਤੇ ਪ੍ਰਸ਼ਾਸਨ ਵੱਲੋਂ ਨਿਲਾਮੀ ਕਰਨ ਤੋਂ ਪਹਿਲਾਂ ਆਬਕਾਰੀ ਵਿਭਾਗ ਦੇ ਕਰੀਬ 40 ਕਰੋੜ ਰੁਪਏ ਦੀ ਅਦਾਇਗੀ ਦੀ ਕਿਸਾਨਾਂ ਤੋਂ ਮੰਗ ਕੀਤੀ ਜਾ ਰਹੀ ਹੈ। ਉਨਾਂ ਹਲਕਾ ਧੂਰੀ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ‘ਮੈਥੋਂ ਕਿਸਾਨਾਂ ਦੀਆਂ ਅੱਖਾਂ ’ਚ ਅੱਥਰੂ ਨੀ ਦੇਖੇ ਜਾਂਦੇ, ਇਕ ਬਾਰ ਮੇਰੇ ਹੱਥ ਹਰਾ ਪੈਨ ਆ ਲੈਣ ਦਿਓ ਤੁਹਾਡੇ ਪੈਸੇ ਸਮੇਤ ਵਿਆਜ ਤੁਹਾਡੇ ਖਾਤਿਆਂ ’ਚ ਹੋਣਗੇ’ ਪ੍ਰੰਤੂ ਇਸ ਦੇ ਉਲਟ ਤਿੰਨ ਮਹੀਨਿਆਂ ਤੋਂ ਕਿਸਾਨਾਂ ਦੇ ਖਾਤਿਆਂ ’ਚ ਕੋਡੀ ਵੀ ਨਹੀਂ ਪਾਈ ਗਈ, ਪ੍ਰੰਤੂ ਮੁੱਖ ਮੰਤਰੀ ਮਾਨ ਧੂਰੀ ਆ ਕੇ ਝੂਠ ਬੋਲ ਕੇ ਗਏ ਕਿ ਕਿਸਾਨਾਂ ਦੇ ਖਾਤਿਆਂ ’ਚ ਢਾਈ ਕਰੋੜ ਰੁਪਏ ਪਾ ਦਿੱਤੇ ਗਏ ਹਨ, ਜਦੋਂ ਕਿ ਅਸਲੀਅਤ ਵਿਚ ਤਿੰਨ ਮਹੀਨਿਆਂ ’ਚ ਕਿਸਾਨਾਂ ਦੇ ਖਾਤਿਆਂ ’ਚ ਕੋਈ ਵੀ ਪੈਸਾ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਮਿੱਲ ਵੱਲ ਰਹਿੰਦੀ ਕਰੀਬ 8 ਕਰੋੜ ਰੁਪਏ ਬਕਾਇਆ ਰਾਸ਼ੀ ਖਾਤਿਆਂ ’ਚ ਨਹੀਂ ਪਾਈ ਜਾਂਦੀ ਉਦੋਂ ਤੱਕ ਖੰਡ ਮਿੱਲ ਦੇ ਸਾਰੇ ਗੇਟ ਬੰਦ ਰੱਖ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।
ਮੌਕੇ ’ਤੇ ਮੌਜੂਦ ਤਹਿਸੀਲਦਾਰ ਧੂਰੀ ਕੁਲਦੀਪ ਸਿੰਘ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀ ਅਦਾਇਗੀ ਕਰਵਾਉਣ ਲਈ ਮਾਲ ਵਿਭਾਗ ਵੱਲੋਂ ਬੋਲੀ ਰੱਖੀ ਗਈ ਸੀ, ਪਰ ਅੱਜ ਆਬਕਾਰੀ ਮਹਿਕਮੇ ਵੱਲੋਂ ਕਰੀਬ 46 ਕਰੋੜ ਰੁਪਏ ਦੇ ਟੈਕਸ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਬਾਰੇ ਆਬਕਾਰੀ ਵਿਭਾਗ ਦਾ ਰਿਕਾਰਡ ਮੰਗਿਆ ਗਿਆ ਹੈ। ਬਾਅਦ ਦੁਪਿਹਰ ਖੰਡ ਮਿੱਲ ਵੱਲ ਬਕਾਇਆ ਰਹਿੰਦੀ ਅਦਾਇਗੀ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਗੰਨਾ ਕਾਸ਼ਤਕਾਰਾਂ ’ਚੋਂ ਜੋਧ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਬੱਬਨਪੁਰ ਖੰਡ ਮਿੱਲ ਅੰਦਰ ਬਣੀ ਚਿਮਨੀ ਦੇ ਉਪਰ ਜਾ ਚੜ੍ਹੇ ਜਿਸ ਤੋਂ ਬਾਅਦ ਐਸ.ਡੀ.ਐਮ ਧੂਰੀ ਅਮਿਤ ਗੁਪਤਾ ਅਤੇ ਡੀ.ਐਸ.ਪੀ ਧੂਰੀ ਯੋਗੇਸ਼ ਸ਼ਰਮਾ ਖੰਡ ਮਿੱਲ ’ਚ ਪੁੱਜੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਰੋਸ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟ ਗਏ, ਪ੍ਰੰਤੂ ਪ੍ਰਦਰਸ਼ਨਕਾਰੀ ਆਪਣੀ ਜ਼ਿੱਦ ’ਤੇ ਅੜੇ ਹੋਏ ਸੀ।