ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਨਵੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਡੀਏਪੀ ਦੀ ਘਾਟ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਪ੍ਰਦਰਸ਼ਨ ਜਾਰੀ ਰੱਖਿਆ। ਪ੍ਰਦਰਸ਼ਨ ਦੇ 7ਵੇਂ ਦਿਨ ਸਰਕਾਰ ਵੱਲੋਂ ਸਾਰ ਨਾ ਲੈਣ ’ਤੇ ਕਿਸਾਨ ਸਰਕਾਰੀ ਦਫ਼ਤਰਾਂ ਦਾ ਘਿਰਾਓ ਛੱਡ ਕੇ ਰੇਲਵੇ ਸਟੇਸ਼ਨ ਅੱਗੇ ਪਹੁੰਚ ਗਏ ਅਤੇ ਰੇਲ ਲਾਈਨਾਂ ’ਤੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਇਸ ਮਗਰੋਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਰੇਲਵੇ ਲਾਈਨਾਂ ਦੇ ਧਰਨੇ ਨੂੰ ਕਿਸਾਨ ਆਗੂ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਮਾਸਟਰ ਗੁਰਚਰਨ ਸਿੰਘ ਖੋਖਰ, ਕੁਲਵਿੰਦਰ ਸਿੰਘ ਬਖੋਰਾ,ਪ੍ਰੀਤਮ ਸਿੰਘ ਲਹਿਲ ਕਲਾਂ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ,ਰਾਮ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਜਸਵੰਤ ਕੌਰ, ਜਸਵੀਰ ਕੌਰ ਲਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਐਸਡੀਐਮ/ਤਹਿਸੀਲਦਾਰ ਦਫਤਰ ਦਿਨ ਰਾਤ ਦਾ ਧਰਨਾ ਲਾਏ ਨੂੰ ਸੱਤ ਦਿਨ ਦਾ ਸਮਾਂ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਜਿਸ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਰੇਲਵੇ ਸਟੇਸ਼ਨ ’ਤੇ ਅਣਮਿਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ। ਉਨ੍ਹਾਂ ਕਿਹਾ ਸਰਕਾਰ ਸਟੇਜਾਂ ਤੋਂ ਲੋਕ ਪੱਖੀ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ। ਉਨ੍ਹਾਂ ਕਿਹਾ ਖਾਦ ਦੀ ਨਕਲੀ ਕਿੱਲਤ ਪੈਦਾ ਕਰਕੇ ਕਿਸਾਨਾਂ ਨੂੰ ਦੁੱਗਣੇ ਭਾਅ ’ਤੇ ਖਾਦ ਦੇ ਲੁੱਟਿਆ ਜਾ ਰਿਹਾ ਹੈ। ਕਾਲਾਬਾਜ਼ਾਰੀ ਕਾਲੇ ਕਾਨੂੰਨਾਂ ਦਾ ਹੀ ਰੂਪ ਹੈ ਜੋ ਮੌਜੂਦਾ ਸਮੇਂ ਵਿੱਚ ਦਿਖਾਈ ਦੇ ਰਿਹਾ ਹੈ। ਵੱਡੇ ਵਪਾਰੀਆਂ ਨੂੰ ਜ਼ਖੀਰੇਬਾਜ਼ੀ ਕਰਨ ਅਤੇ ਲੋਕਾਂ ਨੂੰ ਲੁੱਟਣ ਲਈ ਸਰਕਾਰ ਮੌਕੇ ਪੈਦਾ ਕਰ ਰਹੀ ਹੈ। ਜੋ ਕਿ ਆਮ ਕਿਰਤੀ ਲੋਕਾਂ ਨਾਲ਼ ਧੱਕਾ ਹੈ। ਉਨ੍ਹਾਂ ਕਿਹਾ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਉਨ੍ਹਾਂ ਦੀਆਂ ਵਾਜਬ ਮੰਗਾਂ ਮੰਨੇ। ਉਨ੍ਹਾਂ ਕਿਹਾ ਇਹ ਤਿੰਨੋ ਮੋਰਚੇ ਹਰ ਹੀਲੇ ਇਸੇ ਤਰ੍ਹਾਂ ਜਾਰੀ ਰਹਿਣਗੇ ਜਿੰਨਾ ਸਮਾਂ ਸਰਕਾਰ ਵਲੋਂ ਕੋਈ ਨਿਰਪੱਖ ਕਦਮ ਨਹੀਂ ਚੁੱਕਿਆ ਜਾਂਦਾ।
ਕਈ ਗੱਡੀਆਂ ਦੇ ਰੂਟ ਬਦਲੇ, ਕਈਆਂ ਨੂੰ ਕੀਤਾ ਰੱਦ
ਇਸੇ ਦੌਰਾਨ ਲਹਿਰਾਗਾਗਾ ਰੇਲਵੇ ਸਟੇਸ਼ਨ ’ਤੇ ਰੇਲ ਵਿਭਾਗ ਨੇ ਨਾਂਦੇੜ ਸਾਹਿਬ ਤੋਂ ਅੰਮ੍ਰਿਤਸਰ ਜਾਣ ਵਾਲੀ ਸਵਾਰੀ ਗੱਡੀ 4691 ਦਾ ਰੂਟ ਬਦਲ ਕੇ ਵਾਇਆ ਬਠਿੰਡਾ ਕਰ ਦਿੱਤਾ ਹੈ ਜਦ ਕਿ ਗੱਡੀ 4573 ਨੂੰ ਹਿਸਾਰ ’ਚ ਰੋਕ ਦਿੱਤਾ ਹੈ ਤੇ ਹਿਸਾਰ-ਲੁਧਿਆਣਾ 4575 ਅਤੇ ਭਿਵਾਨੀ-ਧੂਰੀ 4571 ਨੂੰ ਰੱਦ ਕਰ ਦਿੱਤਾ ਹੈ।
ਪ੍ਰਸ਼ਾਸਨ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਸ਼ਾਮ ਨੂੰ ਧਰਨਾ ਚੁੱਕਿਆ
ਕਿਸਾਨਾਂ ਦੇ ਰੋਸ ਪ੍ਰਦਰਸ਼ਨ ਮੌਕੇ ਸ਼ਾਮ ਨੂੰ ਰੇਲਵੇ ਸਟੇਸ਼ਨ ’ਤੇ ਡੀਸੀ ਵੱਲੋਂ ਨਾਇਬ ਤਹਿਸੀਲਦਾਰ ਸੁਨਾਮ ਪਹੁੰਚੇ। ਉਨ੍ਹਾਂ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਮਨਾਇਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਡੀਏਪੀ ਦਾ ਰੈਕ ਕੱਲ੍ਹ ਸ਼ਾਮ 5 ਵਜੇ ਤਕ ਲਹਿਰਾਗਾਗਾ ਲੱਗ ਜਾਵੇਗਾ ਅਤੇ 25 ਅਨਾਜ ਮੰਡੀਆਂ ਵਿੱਚ ਝੋਨੇ ਦੀ ਰੁਕੀ ਬੋਲੀ ਸੋਮਵਾਰ ਨੂੰ ਹਰ ਹੀਲੇ ਕਰਵਾ ਦਿੱਤੀ ਜਾਵੇਗੀ।