ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਅਪਰੈਲ
ਕਿਸਾਨ ਅਤੇ ਆੜ੍ਹਤੀ ਜਿਥੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ, ਉਥੇ ਹੀ ਸੂਬਾ ਸਰਕਾਰ ਵੀ ਪ੍ਰੇਸ਼ਾਨੀਆਂ ਦਾ ਸਬੱਬ ਬਣਦੀ ਜਾ ਰਹੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ ਤੋਤੂ ਨੇ ਕਿਹਾ ਕਿ ਕਣਕ ਦੀ ਸਰਕਾਰੀ ਖਰੀਦ ਇੱਕ ਅਪਰੈਲ ਦੀ ਥਾਂ 10 ਅਪਰੈਲ ਨੂੰ ਚਾਲੂ ਹੋਈ ਹੈ, ਜਿਸ ਕਾਰਨ ਕਣਕ ਖੇਤਾਂ ਵਿੱਚ ਹੀ ਸੁੱਕ ਗਈ ਹੈ। ਹੁਣ ਜਦੋਂ ਫਸਲ ਦੀ ਆਮਦ ਮੰਡੀਆਂ ਵਿੱਚ ਸ਼ੁਰੂ ਹੋਈ ਹੈ ਤਾਂ ਬਾਰਦਾਨੇ ਦੀ ਥੁੜ੍ਹ ਦੱਸ ਕੇ ਕਿਸਾਨਾਂ ਅਤੇ ਆੜ੍ਹਤੀ ਬੇਹੱਦ ਪ੍ਰੇਸ਼ਾਨ ਕੀਤੇ ਜਾ ਰਹੇ ਹਨ। ਕਣਕ ਦੀ ਖਰੀਦ ਦੋ ਦਿਨ ਪਹਿਲਾਂ ਹੀ ਚਾਲੂ ਹੋਈ ਹੈ ਪਰ ਬਾਰਦਾਨੇ ਲਈ ਆੜ੍ਹਤੀਏ ਹੁਣ ਤੋਂ ਹੀ ਮਾਰੇ-ਮਾਰੇ ਫਿਰ ਰਹੇ ਹਨ। 100-100 ਖਾਲੀ ਬੋਰੀਆਂ ਲਈ ਕਈ ਆੜ੍ਹਤੀ ਖਰੀਦ ਏਜੰਸੀਆਂ ਦੇ ਤਰਲੇ ਕੱਢਦੇ ਵੇਖੇ ਗਏ, ਜਦੋਂ ਕਿ ਕਈ ਆੜ੍ਹੀਆਂ ਨੇ ਖ਼ਰੀਦ ਏਜੰਸੀਆਂ ਦੇ ਕਈ ਇੰਸਪੈਕਟਰ ’ਤੇ ਆੜ੍ਹਤੀਆਂ ਪਾਸੋਂ ਕਥਿਤ ਇੱਕ ਤੋਂ ਡੇਢ ਰੁਪਏ ਪ੍ਰਤੀ ਕੱਟਾ ਰਿਸ਼ਵਤ ਵੀ ਲੈਣ ਦੇ ਦੋਸ਼ ਲਾਏ। ਖਰੀਦ ਅਧਿਕਾਰੀ ਕੋਮਲ ਗੋੋਇਲ ਨੇ ਸੰਪਰਕ ਕਰਨ ’ਤੇ ਆੜ੍ਹਤੀਆਂ ਤੋਂ ਪੈਸੇ ਲੈਣ ਨੂੰ ਨਕਾਰਦੇ ਹੋਏ ਕਿਹਾ ਕਿ ਬਾਰਦਾਨਾ ਪੂਰੇ ਪੰਜਾਬ ਨੂੰ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿੰਨਾ ਬਾਰਦਾਨਾ ਆਉਂਦਾ ਹੈ ਬਗੈਰ ਕਿਸੇ ਭੇਦਭਾਵ ਦੇ ਸਾਰੇ ਆੜ੍ਹਤੀਆਂ ਨੂੰ ਵੰਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀ ਖਰੀਦ ਅਤੇ ਭਰਾਈ ਨਿਰੰਤਰ ਚਾਲੂ ਨਾ ਹੋਈ ਤਾਂ ਖਰੀਦ ਏਜੰਸੀਆਂ ਦੇ ਦਫ਼ਤਰਾਂ ਮੂਹਰੇ ਧਰਨੇ ਲਾਏ ਜਾਣਗੇ।