ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਨਵੰਬਰ
ਨਰਮੇ ਦੀ ਫ਼ਸਲ ਨੂੰ ਇੱਕ ਪਾਸੇ ਨਰਮੇ ਨੂੰ ਸੁੰਡੀ ਦੀ ਮਾਰ ਪੈ ਰਹੀ ਹੈ, ਦੂਜੇ ਪਾਸੇ ਇਸ ਦੇ ਰੇਟ ਘਟਣ ਕਾਰਨ ਕਿਸਾਨ ਦੂਹਰੀ ਮਾਰ ਝੱਲ ਰਿਹਾ ਹੈ।
ਮੰਡੀ ਲਹਿਰਾਗਾਗਾ ਵਿੱਚ ਪਹਿਲਾਂ 4000 ਪੱਲੇ ਨਰਮੇ ਦੀ ਰੋਜ਼ਾਨਾ ਆਮਦ ਸੀ ਜੋ ਇਸ ਵਾਰ ਘਟ ਕੇ ਸਿਰਫ਼ 500 ਪੱਲੇ ਦੇ ਕਰੀਬ ਰਹਿ ਗਈ ਹੈ। ਇਸ ਵਾਰ ਕੁਝ ਦਿਨ ਪਹਿਲਾਂ ਨਰਮੇ ਦਾ ਰੇਟ 8700 ਰੁਪਏ ਪ੍ਰਤੀ ਕੁਇੰਟਲ ’ਤੇ ਪਹੁੰਚ ਗਿਆ ਸੀ ਜੋ ਹੁਣ ਘਟ ਕੇ 8 ਹਜ਼ਾਰ ਰੁਪਏ ਦੇ ਲੱਗਭੱਗ ਰਹਿ ਗਿਆ ਹੈ। ਇੱਥੇ ਇਸ ਵਾਰ 10-12 ਮਣ ਪ੍ਰਤੀ ਏਕੜ ’ਤੇ ਹੀ ਸਿਮਟ ਗਿਆ ਹੈ। ਐਤਕੀਂ ਪਈ ਬੇਮੌਸਮੀ ਬਾਰਸ਼ ਕਾਰਨ ਜ਼ੀਰੀ ਦੀ ਫਸਲ ਚਾਰ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਘੱਟ ਹੋਈ ਹੈ। ਬਾਸਮਤੀ ਜ਼ੀਰੀ ਨੂੰ ਵੀ ਘੰਢੀ ਰੋਗ ਪੈਣ ਕਾਰਨ ਝਾੜ ਘਟਿਆ ਹੈ। ਹੁਣ ਨਰਮੇ ਦੇ ਰੇਟ ਅਤੇ ਝਾੜ ਘੱਟ ਹੋਣ ਕਾਰਨ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਵੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਦੱਸਿਆ ਕਿ ਨਰਮੇ ਦੀ ਫਸਲ ’ਤੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ। ਸਪਰੇਅ ਦੇ ਰੇਟ ਵੀ ਕਾਰਪੋਰੇਟ ਘਰਾਣਿਆਂ ਨੇ ਅਸਮਾਨੀ ਚਾੜ੍ਹੇ ਹੋਏ ਹਨ। ਨਰਮੇ ਦੇ ਰੇਟਾਂ ਵਿੱਚ ਹੋਈ ਗਿਰਾਵਟ ਨੂੰ ਲੈ ਕੇ ਨਿਤਿਨ ਕਾਟਨ ਕੰਪਨੀ ਦੇ ਸੰਜੇ ਕੁਮਾਰ ਅਤੇ ਵਿਜੈ ਕੁਮਾਰ ਐਂਡ ਸੰਨਜ਼ ਕਾਟਨ ਮਿਲ ਦੇ ਮਾਲਕ ਵਿਜੇ ਕੁਮਾਰ ਮਿੱਤਲ ਨੇ ਦੱਸਿਆ ਕਿ ਕੌਮਾਂਤਰੀ ਮੰਡੀ ਵਿੱਚ ਰੂੰ ਅਤੇ ਵੜੇਂਵਿਆਂ ਦੇ ਰੇਟਾਂ ਵਿੱਚ ਭਾਰੀ ਮੰਦੀ ਹੈ। ਰੂੰ ਦੇ ਭਾਅ ਪ੍ਰਤੀ ਮਣ 6900 ਰੁਪਏ ਤੋਂ 6500 ਰੁਪਏ ’ਤੇ ਆ ਡਿੱਗੇ ਹਨ। ਉਨ੍ਹਾਂ ਦੱਸਿਆ ਕਿ ਰੂੰ ਅਤੇ ਵੜੇਂਵਿਆਂ ਵਿੱਚ ਜੇਕਰ ਤੇਜ਼ੀ ਆ ਗਈ ਤਾਂ ਇਸ ਦੇ ਭਾਅ ਵਿੱਚ ਫਿਰ ਤੋਂ ਤੇਜ਼ੀ ਆ ਸਕਦੀ ਹੈ।