ਪੱਤਰ ਪ੍ਰੇਰਕ
ਲਹਿਰਾਗਾਗਾ, 16 ਅਕਤੂਬਰ
ਇਸ ਵਾਰ ਬਾਸਮਤੀ-1509 ਦੀ ਕੀਮਤ ਕਰੀਬ 1000 ਰੁਪਏ ਕੁਵਿੰਟਲ ਵਿਕਣ ਕਰਕੇ ਕਿਸਾਨਾਂ ਨੂੰ ਖੇਤੀ ਵਿਰੋਧੀ ਕਾਨੂੰਨ ਦਾ ਅਸਰ ਦਿੱਸਦਾ ਨਜ਼ਰ ਆ ਰਿਹਾ ਹੈ। ਅਨਾਜ ਮੰਡੀ ’ਚ ਬਾਸਮਤੀ 1121 ਦੀ ਬਜਾਏ 1509 ਦੀ ਆਮਦ ਵਧੇਰੇ ਹੋਣ ਕਰਕੇ ਬੋਲੀ ’ਚ ਦਿੱਕਤ ਆ ਰਹੀ ਹੈ ਤੇ ਕਿਸਾਨਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਰਕਾਰ ਨੇ ਝੋਨੇ ਦਾ ਸਮਰਥਨ ਮੁੱਲ 1888 ਰੁਪਏ ਪ੍ਰਤੀ ਕੁਵਿੰਟਲ ਤੈਅ ਕੀਤਾ ਹੈ ਪਰ ਇਥੇ ਬਾਸਮਤੀ ਦੀ ਕਿਸਮ-1508 1800-1900 ਰੁਪਏ ਤੱਕ ਰਹੀ ਹੈ। ਜੋ ਭਵਿੱਖ ’ਚ ਕਿਸਾਨਾਂ ਨੂੰ ਬਾਸਮਤੀ-1509 ਦੀ ਕਾਸ਼ਤ ਲਈ ਨਿਰਉਤਸ਼ਾਹਿਤ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸੇ ਕਾਰਨ ਕੇਂਦਰੀ ਕਾਨੂੰਨ ਦੀ ਵਾਪਸੀ ਲਈ ਸੰਘਰਸ਼ ਕਰ ਰਹੀਆਂ ਹਨ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਰੱਬੜ ਨੇ ਦੱਸਿਆ ਕਿ ਇਸ ਵੇਲੇ ਲਹਿਰਾਗਾਗਾ ’ਚ ਬਾਸਮਤੀ-1508 1800-1900 ਰੁਪਏ ਤੱਕ ਵਿਕਣ ਕਰਕੇ ਕਿਸਾਨਾਂ ’ਚ ਨਿਰਾਸ਼ਾ ਹੈ ਜਦੋਂਕਿ ਪਿਛਲੇ ਸਾਲ 1509 ਬਾਸਮਤੀ 2800 ਰੁਪਏ ਤੋਂ ਵਧ ਭਾਅ ’ਤੇ ਵਿਕਦੀ ਸੀ। ਇਥੇ ਸਿਰਫ ਇੱਕ ਹੀ ਸੇਲਾ ਪਲਾਂਟ ਹੈ ਤੇ ਵਪਾਰੀਆਂ ’ਚ ਮੁਕਾਬਲੇਬਾਜੀ ਘੱਟ ਹੈ ਤੇ ਦੂਜੀਆਂ ਮੰਡੀਆਂ ਪਾਤੜਾਂ- ਸਮਾਣਾ ’ਚ 2100 ਤੱਕ ਮਹਿੰਗੀ ਵਿਕਦੀ ਹੈ। ਹਰਿਆਣਾ ਸਰਕਾਰ ਨੇ ਪੰਜਾਬ ਦੀ ਬਾਸਮਤੀ ਲਿਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਚਾਵਲ ਵਪਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਦਾ ਅਸਰ ਕਰਕੇ ਇਸ ਵਾਰ ਬਾਸਮਤੀ ਦੀ ਮੰਗ ਘੱਟ ਹੈ ਤੇ ਬਾਸਮਤੀ ਦੇ ਰੇਟ ਕੌਮਾਂਤਰੀ ਮੰਗ ਅਨੁਸਾਰ ਤੈਅ ਹੁੰਦੇ ਹਨ। ਰਹਿੰਦੀ ਖੂੰਹਦੀ ਕਸਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਖੇਤੀ ਵਿਰੋਧੀ ਕਾਨੂੰਨਾਂ ਨੇ ਕੱਢ ਦਿੱਤੀ ਹੈ। ਬਲਾਕ ਖੇਤੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਦਾ ਕਹਿਣਾ ਹੈ ਕਿ ਬਲਾਕ ਲਹਿਰਾਗਾਗਾ ’ਚ 16800 ਹੈਕਟੇਅਰ ਬਾਸਮਤੀ ਦੀ ਕਾਸ਼ਤ ਹੋਈ ਹੈ ਜਿਸ ’ਚੋਂ ਕਰੀਬ 2500 ਹੈਕਟੇਅਰ ਰਕਬੇ ’ਚ ਬਾਸਮਤੀ-1509 ਦੀ ਕਾਸ਼ਤ ਹੋਈ ਹੈ। ਬਾਸਮਤੀ 1121 ਦੀ ਕਾਸ਼ਤ ਵੱਧ ਹੈ ਪਰ ਅਜੇ 1121 ਦੀ ਆਮਦ ਨਹੀਂ ਹੋਈ ਹੈ। ਕਿਸਾਨ ਆਗੂ ਨੇ ਕਿਹਾ ਕਿ ਖ੍ਰੀਦਦਾਰਾਂ ’ਚ ਮੁਕਾਬਲੇਬਾਜ਼ੀ ਨਾ ਹੋਣ ਕਾਰਨ ਕਿਸਾਨੀ ਦੀ ਲੁੱਟ ਕੀਤੀ ਜਾ ਰਹੀ ਹੈ। ਮਾਰਕਿਟ ਕਮੇਟੀ ਦੇ ਲੇਖਾਕਾਰ ਰਣਧੀਰ ਸਿੰਘ ਖਾਲਸਾ ਅਨੁਸਾਰ ਲਹਿਰਾਗਾਗਾ ਦੀ ਮੰਡੀ ’ਚ ਇਸ ਵਾਰ ਬਾਸਮਤੀ-1509 ਦੀ 500 ਕੁਇੰਟਲ 1800-1900 ਰੁਪਏ ਤੱਕ ਹੀ ਵਿਕੀ ਹੈ ਜੋ ਸਮਰਥਨ ਮੁੱਲ ਤੋਂ ਘੱਟ ਹੈ। ਉਨ੍ਹਾਂ ਦੱਸਿਆ ਕਿ ਪਰਮਲ ਝੋਨੇ ਦੀ ਆਮਦ ’ਚ ਭਾਰੀ ਤੇਜ਼ੀ ਆਈ ਹੈ ਤੇ 17 ਫੀਸਦੀ ਵਾਲਾ ਝੋਨਾ ਤੁਰੰਤ ਵਿੱਕ ਰਿਹਾ ਹੈ।