ਪੱਤਰ ਪ੍ਰੇਰਕ
ਲਹਿਰਾਗਾਗਾ, 18 ਨਵੰਬਰ
ਇਸ ਇਲਾਕੇ ਦੀ ਨਰਮਾ ਪੱਟੀ ਵਿੱਚ ਬੀਜੇ ‘ਚਿੱਟੇ ਸੋਨੇ’ ਨੂੰ ਪੰਜਾਬ ਦੇ ਹੋਰ ਇਲਾਕਿਆਂ ਵਾਂਗ ਗੁਲਾਬੀ ਸੁੰਡੀ ਦਾ ਸੰਤਾਪ ਭੁਗਤਣਾ ਪੈ ਰਿਹਾ ਹੈ। ਨਰਮੇ ਦੀ ਘਾਟ ਕਾਰਨ ਨੇੜਲੀ ਮੰਡੀ ਬਰੇਟਾ ਵਿੱਚ ਇਸ ਦਾ ਭਾਅ 8700 ਤੋਂ 9800 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ, ਜਦੋਂਕਿ ਇੱਥੇ ਮਿੱਲ ਮਾਲਕਾਂ ਦੀ ਮਿਲੀਭੁਗਤ ਕਾਰਨ ਅੱਜ ਨਰਮੇ ਦੀ ਬੋਲੀ 8500 ਰੁਪਏ ਹੀ ਲੱਗੀ। ਵਾਜਬ ਭਾਅ ਨਾ ਮਿਲਣ ਕਰਨ ਨਰਮਾ ਵੇਚਣ ਆਇਆ ਪਿੰਡ ਲੇਹਲ ਖੁਰਦ ਦਾ ਕਿਸਾਨ ਗੁਰਸੇਵਕ ਸਿੰਘ ਇਸ ਨੂੰ ਵਾਪਸ ਘਰ ਲੈ ਗਿਆ। ਹਾਲਾਂਕਿ ਉਸ ਨੂੰ ਦੱਸਿਆ ਗਿਆ ਸੀ ਕਿ ਇੱਥੇ 8500-8700 ਤੱਕ ਨਰਮੇ ਦਾ ਭਾਅ ਮਿਲ ਰਿਹਾ ਹੈ। ਕਿਸਾਨ ਗੁਰਸੇਵਕ ਨੇ ਦੱਸਿਆ ਕਿ ਉਸਨੇ ਦੋ ਏਕੜ ਵਿੱਚ ਨਰਮਾ ਬੀਜਿਆ ਸੀ ਅਤੇ ਆਖਰੀ ਚੁਗਾਈ ਤੱਕ ਮਹਿਜ 15 ਮਣ ਹੀ ਪੈਦਾਵਾਰ ਹੋਈ। ਗੁਲਾਬੀ ਸੁੰਡੀ ਵੱਲੋਂ ਨਰਮਾ ਚੱਟ ਜਾਣ ਕਾਰਨ ਸਿਰਫ਼ 30 ਫੀਸਦੀ ਹੀ ਨਰਮਾ ਪੱਲਾ ਲਿਆ। ਉਧਰ, ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਰਣਧੀਰ ਖਾਲਸਾ ਨੇ ਦੱਸਿਆ ਕਿ ਹੁਣ ਤੱਕ ਸਿਰਫ਼ 2700 ਕੁਇੰਟਲ ਨਰਮਾ ਹੀ ਵਿੱਕਿਆ ਹੈ। ਖੇਤੀ ਵਿਕਾਸ ਅਫਸਰ ਡਾ. ਇੰਦਰਜੀਤ ਸਿੰਘ ਭੱਟੀ ਦੱਸਿਆ ਕਿ ਇਸ ਬਲਾਕ ’ਚ ਗੁਲਾਬੀ ਸੁੰਡੀ ਕਾਰਨ 25 ਤੋਂ 100 ਫੀਸਦੀ ਤੱਕ ਨਰਮੇ ਦਾ ਨੁਕਸਾਨ ਹੋਇਆ ਹੈ।