ਮੁੱਖ ਅੰਸ਼
- ਖਾਦ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਪੱਛੜਣ ਲੱਗੀ
- ਕਿਸਾਨਾਂ ਨੂੰ ਖੇਤਾਂ ਦੀ ਵੱਤਰ ਸੁੱਕਣ ਦਾ ਡਰ ਸਤਾਉਣ ਲੱਗਿਆ
ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 9 ਨਵੰਬਰ
ਡੀਏਪੀ ਖਾਦ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਦਾ ਕੰਮ ਪਛੜਣ ਲੱਗਾ ਹੈ ਅਤੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਪ੍ਰਾਪਤੀ ਲਈ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਖਾਦ ਲੈਣ ਲਈ ਗੁਆਂਢੀ ਸੂਬੇ ਹਰਿਆਣਾ ਦੇ ਪੰਜਾਬ ਨਾਲ ਲੱਗਦੇ ਸ਼ਹਿਰਾਂ ਵੱਲ ਚਾਲੇ ਪਾਉਣ ਲੱਗੇ ਹਨ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਕਟਾਈ ਦਾ ਕੰਮ ਖਤਮ ਹੋਏ ਨੂੰ ਕਈ ਦਿਨ ਬੀਤ ਗਏ ਹਨ ਤੇ ਡੀਏਪੀ ਖਾਦ ਨਾ ਮਿਲਣ ਕਰਕੇ ਹੁਣ ਤੱਕ ਕਣਕ ਦੀ ਬਿਜਾਈ ਨਹੀਂ ਹੋ ਸਕੀ। ਪਿੰਡ ਤੋਲਾਵਾਲ ਦੇ ਕਿਸਾਨ ਹਰੀ ਸਿੰਘ, ਨਾਥ ਸਿੰਘ ਤੇ ਮਨਧੀਰ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਕਣਕ ਦੀ ਬਿਜਾਈ ਦਾ ਕੰਮ ਤਕਰੀਬਨ ਇੱਕ ਨਵੰਬਰ ਤੋਂ ਸ਼ੁਰੂ ਹੋ ਜਾਂਦਾ ਸੀ ਅਤੇ ਦਸ ਨਵੰਬਰ ਦੇ ਲਗਪਗ ਕਣਕ ਦੀ ਬਿਜਾਈ ਦਾ ਕੰਮ ਨੇਪਰੇ ਚਾੜ੍ਹ ਲਿਆ ਜਾਂਦਾ ਸੀ। ਪਰ ਇਸ ਵਾਰ ਇਲਾਕੇ ਵਿੱਚ ਕਣਕ ਦੀ ਬਹੁਤ ਥੋੜ੍ਹੀ ਬਿਜਾਈ ਹੋ ਪਾਈ ਹੈ ਤੇ ਜ਼ਿਆਦਾਤਰ ਖੇਤ ਡੀਏਪੀ ਖਾਦ ਦੀ ਘਾਟ ਕਾਰਨ ਕਣਕ ਦੀ ਬਿਜਾਈ ਤੋਂ ਵਾਂਝੇ ਪਏ ਹਨ। ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਲਈ ਖੇਤ ਤਿਆਰ ਕੀਤਿਆਂ ਨੂੰ ਕਈ ਦਿਨ ਹੋ ਚੁੱਕੇ ਹਨ, ਪਰ ਡੀਏਪੀ ਖਾਦ ਨਾ ਮਿਲਣ ਕਰਕੇ ਕਣਕ ਦੀ ਬਿਜਾਈ ਨਹੀਂ ਹੋ ਸਕੀ। ਇਸ ਕਾਰਨ ਕਿਸਾਨਾਂ ਨੂੰ ਖੇਤ ਦੀ ਵੱਤਰ ਸੁੱਕ ਜਾਣ ਦਾ ਡਰ ਬਣਿਆ ਹੋਇਆ ਹੈ। ਕਣਕ ਦੀ ਬਿਜਾਈ ਪਛੜਣ ਕਾਰਨ ਕਣਕ ਦੇ ਝਾੜ ’ਤੇ ਬੁਰਾ ਅਸਰ ਪੈਣ ਦਾ ਵੀ ਕਿਸਾਨਾਂ ਵਿੱਚ ਖਦਸ਼ਾ ਪਾਇਆ ਜਾ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਡੀਏਪੀ ਖਾਦ ਦਾ ਤੁਰੰਤ ਪ੍ਰਬੰਧ ਕਰੇ ਤਾਂ ਕਿ ਕਿਸਾਨ ਆਪਣੀ ਕਣਕ ਦੀ ਬਿਜਾਈ ਕਰ ਸਕਣ।