ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਜੂਨ
ਪੰਜਾਬ ਖੇਤੀਬਾੜੀ ਯੂਨੀਵਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ‘ਗ਼ਰੀਬ ਕਲਿਆਣ ਸੰਮੇਲਨ’ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਇੱਕ-ਰੋਜ਼ਾ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿਚ ਕਰੀਬ 700 ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਮੇਲੇ ਦਾ ਮੁੱਖ ਮੰਤਵ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਤੋਂ ਤਕਨੀਕੀ ਜਾਣਕਾਰੀ ਲੈਣ ਲਈ ਜਾਗਰੂਕ ਕਰਨਾ, ਕਿਸਾਨਾਂ ਅਤੇ ਵਿਗਿਆਨੀਆਂ ਵਿਚਕਾਰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਚਾਰ-ਵਟਾਂਦਰਾ ਕਰਾਉਣਾ, ਸਾਉਣੀ ਦੀਆਂ ਫ਼ਸਲਾਂ ਦਾ ਸੁਚੱਜਾ ਪ੍ਰਬੰਧ ਕਰਨਾ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦੇਣਾ ਸੀ। ਮੇਲੇ ਦੌਰਾਨ ਕੁਦਰਤੀ ਸੋਮਿਆਂ ਨੂੰ ਬਚਾਉਣ ਵਾਲੇ ਅਗਾਂਹਵਧੂ ਕਿਸਾਨ ਬਲਜੀਤ ਸਿੰਘ, ਨਰਿੰਦਰ ਸਿੰਘ, ਦਾਰਾ ਸਿੰਘ, ਜਸਦੀਪ ਸਿੰਘ, ਸੁਰਜੀਤ ਸਿੰਘ, ਮੱਘਰ ਸਿੰਘ, ਨਿਰਭੈ ਸਿੰਘ, ਬਾਲ ਕ੍ਰਿਸ਼ਨ ਅਤੇ ਸੰਦੀਪ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਮੇਲੇ ਵਿੱਚ ਵੱਖ-ਵੱਖ ਵਿਭਾਗਾਂ, ਸੈਲਫ ਹੈਲਪ ਗਰੁੱਪਾਂ ਅਤੇ ਵਿਅਕਤੀਗਤ ਉੱਦਮੀਆਂ ਵੱਲੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਅਖੀਰ ਵਿੱਚ ਡਾ. ਰਵਿੰਦਰ ਕੌਰ ਨੇ ਕੈਂਪ ਵਿਚ ਆਏ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ।