ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਉਧਮ ਸਿੰਘ ਵਾਲਾ, 13 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਬਿਜਲੀ ਵਿਭਾਗ ਵੱਲੋਂ ਲਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਨੂੰ ਉਤਾਰਦਿਆਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਬਲਾਕ ਭਵਾਨੀਗੜ੍ਹ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਚੌਕ ਦੀ ਅਗਵਾਈ ਹੇਠ ਇਥੋਂ ਨੇੜਲੇ ਪਿੰਡ ਗੋਬਿੰਦਪੁਰਾ ਨਾਗਰੀ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਬਿਜਲੀ ਵਿਭਾਗ ਵੱਲੋਂ ਪਾਣੀ ਵਾਲੀ ਟੈਂਕੀ ਉਪਰ ਲਗਾਏ ਚਿੱਪ ਵਾਲੇ ਮੀਟਰ ਨੂੰ ਪੁੱਟ ਦਿੱਤਾ।
ਬਲਾਕ ਆਗੂ ਅਮਨਦੀਪ ਸਿੰਘ ਮਹਿਲਾ ਚੌਂਕ ਨੇ ਕਿਹਾ ਕਿ ਜਿਵੇਂ ਕੇਂਦਰ ਦੀ ਮੋਦੀ ਸਰਕਾਰ ਸਾਰੇ ਸਰਕਾਰੀ ਅਦਾਰਿਆਂ ਨੂੰ ਵੇਚ ਰਹੀ ਹੈ, ਉਸੇ ਨੀਤੀ ਤਹਿਤ ਸਰਕਾਰ ਹੁਣ ਬਿਜਲੀ ਬੋਰਡ ਵੇਚਣਾ ਚਾਹੁੰਦੀ ਹੈ ਜਿਸ ਦੀ ਸ਼ੁਰੂਆਤ ਚਿੱਪ ਵਾਲੇ ਮੀਟਰ ਪਿੰਡਾਂ ਦੀਆਂ ਸਾਝੀਆਂ ਥਾਵਾਂ ’ਤੇ ਲਾ ਕੇ ਉਸ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦੀ ਹੈ ਅਤੇ ਅਜਿਹੀ ਯੋਜਨਾ ਸੂਬੇ ਅੰਦਰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਜਿਹੀਆਂ ਚਾਲਾਂ ਤੋਂ ਸੂਬਾ ਸਰਕਾਰ ਬਾਜ ਆਵੇ ਨਹੀਂ ਤਾਂ ਭਵਿੱਖ ਅੰਦਰ ਜਿੱਥੇ ਕਿਤੇ ਵੀ ਅਜਿਹੇ ਚਿੱਪ ਵਾਲੇ ਮੀਟਰ ਲਗਾਏ ਜਾਣਗੇ। ਜਥੇਬੰਦੀ ਉਸ ਦਾ ਡਟਵਾਂ ਵਿਰੋਧ ਕਰਨ ਦੇ ਨਾਲ ਨਾਲ ਪੁੱਟਣ ਲਈ ਮਜਬੂਰ ਹੋਵੇਗੀ। ਇਸ ਮੌਕੇ ਪਿੰਡ ਨਾਗਰੀ ਦੇ ਇਕਾਈ ਪ੍ਰਧਾਨ ਹਰਕਮਲ ਸਿੰਘ ਤੇ ਪ੍ਰਗਟ ਸਿੰਘ ਸਮੇਤ ਹੋਰ ਹਾਜ਼ਰ ਸਨ।