ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 24 ਦਸੰਬਰ
ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਜੀਓ ਕੰਪਨੀ ਦੇ ਕੀਤੇ ਜਾ ਰਹੇ ਬਾਈਕਾਟ ਤਹਿਤ ਪਿੰਡ ਤੋਲਾਵਾਲ ਵਿੱਚ ਪਿੰਡ ਦੇ ਕਿਸਾਨਾਂ ਵੱਲੋਂ ਪਿੰਡ ਵਿੱਚ ਲੱਗੇ ਹੋਏ ਜੀਓ ਕੰਪਨੀ ਦੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ। ਕਿਸਾਨਾਂ ਨੇ ਕੇਂਦਰ ਸਰਕਾਰ ਤੇ ਅੰਬਾਨੀ-ਅਡਾਨੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵੇਚਣਾ ਚਾਹੁੰਦੀ ਹੈ ਜਿਸ ਨੂੰ ਕਿਸਾਨ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਦਿੱਲੀ ਮੋਰਚੇ ਵਿੱਚ ਪਿੰਡ ਦੇ ਕਿਸਾਨਾਂ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾਣ ਵਾਲੇ ਹੋਰ ਸੱਦਿਆਂ ’ਤੇ ਵੀ ਪਿੰਡ ਦੇ ਕਿਸਾਨਾਂ ਵੱਲੋਂ ਪੂਰੀ ਤਨਦੇਹੀ ਨਾਲ ਪਹਿਰਾ ਦਿੱਤਾ ਜਾਵੇਗਾ। ਪਿੰਡ ਦੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਟਾਵਰ ਉਸ ਦੀ ਥਾਂ ਵਿੱਚ ਲੱਗਿਆ ਹੋਇਆ ਹੈ ਤੇ ਕਿਸਾਨੀ ਅੰਦੋਲਨ ਤਹਿਤ ਇਸ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਕੇ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਸਰਪੰਚ ਮੇਵਾ ਸਿੰਘ, ਸਾਬਕਾ ਸਰਪੰਚ ਜਗਰੂਪ ਸਿੰਘ, ਨਿਰਮਲ ਸਿੰਘ, ਸਵਰਨ ਸਿੰਘ ਸਾਬਕਾ ਪੰਚ, ਸਾਬਕਾ ਸਰਪੰਚ ਅਮਰੀਕ ਸਿੰਘ, ਦਰਸ਼ਨ ਸਿੰਘ ਪਿੰਡ ਪ੍ਰਧਾਨ ਭਾਕਿਯੂ ਉਗਰਾਹਾਂ, ਮਨਧੀਰ ਸਿੰਘ ਗਰੇਵਾਲ, ਮਹਿਲ ਸਿੰਘ ਤੇ ਪਿੰਡ ਦੇ ਹੋਰ ਕਿਸਾਨ ਸ਼ਾਮਲ ਸਨ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦੇ ਦਿੱਤੇ ਸੱਦੇ ਤਹਿਤ ਪਿੰਡ ਸੇਲਵਾਲਾ ਵਿੱਚ ਫੋਕਲ ਪੁਆਇੰਟ ਉੱਤੇ ਲੱਗੇ ਜੀਓ ਕੰਪਨੀ ਦੇ ਟਾਵਰ ਦਾ ਕੁਨੈਕਸ਼ਨ ਕਿਸਾਨਾਂ ਨੇ ਕੱਟ ਦਿੱਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਦਲਜਿੰਦਰ ਸਿੰਘ ਟਿੰਕੂ, ਯੂਥ ਆਗੂ ਮਹਿੰਗਾ ਸਿੰਘ ਬਰਾੜ, ਸਰਪੰਚ ਸੇਲਵਾਲਾ ਬਿੱਕਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਤੇ ਰਾਜਪਾਲ ਚੌਧਰੀ ਦੀ ਅਗਵਾਈ ਵਿੱਚ ਕਿਸਾਨ ਫੋਕਲ ਪੁਆਇੰਟ ਸੇਲਵਾਲਾ ’ਚ ਇਕੱਠੇ ਹੋਏ ਅਤੇ ਉਨ੍ਹਾਂ ਜੀਓ ਕੰਪਨੀ ਦੇ ਮੋਬਾਈਲ ਟਾਵਰ ਦਾ ਕੁਨੈਕਸ਼ਨ ਕੱਟ ਦਿੱਤਾ। ਕਿਸਾਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਅੜੀਅਲ ਵਤੀਰੇ ਉੱਤੇ ਅੜੀ ਹੋਈ ਹੈ ਅਤੇ ਦੇਸ਼ ਦੇ ਅੰਨਦਾਤੇ ਦੀ ਕੋਈ ਪ੍ਰਵਾਹ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਓਨੀ ਦੇਰ ਤਕ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਹਰ ਸੱਦੇ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇਗਾ।
ਉਗਰਾਹਾਂ ਧੜੇ ਵੱਲੋਂ ਜੀਓ ਮੋਬਾਈਲ ਟਾਵਰਾਂ ਦੀਆਂ ਤਾਰਾਂ ਕੱਟਣ ਦੀ ਨਿੰਦਾ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੋਬਾਈਲ ਟਾਵਰਾਂ ਦੀਆਂ ਤਾਰਾਂ ਕੱਟਣ ਦੀ ਨਿਖੇਧੀ ਕੀਤੀ ਹੈ। ਅੱਜ ਸੁਨਾਮ ਦੀ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਭਰਵੀਂ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਗੋਬਿੰਦਰ ਸਿੰਘ ਚੱਠੇ, ਰਾਮ ਸਰਨ ਸਿੰਘ ਉਗਰਾਹਾਂ, ਗੁਰਭਗਤ ਸ਼ਾਹਪੁਰ ਅਤੇ ਮਹਿੰਦਰ ਸਿੰਘ ਨਮੋਲ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ। ਆਗੂਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣ-ਬੁੱਝ ਕੇ ਮੋਬਾਈਲ ਟਾਵਰਾਂ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ ਹਨ ਜਦੋਂ ਕਿ ਉਹਾਂ ਦੀ ਜਥੇਬੰਧੀ ਅਜਿਹੇ ਵਰਤਾਰੇ ਦੀ ਨਿਖੇਧੀ ਕਰਦੀ ਹੈ। ਬੁਲਾਰਿਆਂ ਕਿਹਾ ਕਿ 26 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਲੋਕ ਰੋਹ ਦੇ ਰੂਪ ਵੱਲ ਦਿੱਲੀ ਨੂੰ ਕੂਚ ਕਰਨਗੇ। ਇਸ ਮੌਕੇ ਹੈਪੀ ਨਮੋਲ, ਸਤਗੁਰ ਸਿੰਘ ਨਮੋਲ, ਕਸ਼ਮੀਰ ਸਿੰਘ ਉਗਰਾਹਾਂ, ਦਲੀਪ ਸਿੰਘ ਖਡਿਆਲ, ਮੇਵਾ ਸਿੰਘ ਕੋਠੇ, ਚਮਕੌਰ ਛਾਜਲਾ ਅਤੇ ਭਗਵਾਨ ਸਿੰਘ ਸੁਨਾਮ ਨੇ ਵੀ ਸੰਬੋਧਨ ਕੀਤਾ।
ਖਾਲਸਾ ਮਲਟੀ ਸਟੋਰ ਵਲੋਂ ਕਾਰਪੋਰੇਟ ਘਰਾਣਿਆਂ ਦੇ ਸਾਮਾਨ ਦਾ ਮੁਕੰਮਲ ਬਾਈਕਾਟ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਅੰਬਾਨੀ ਅਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਸਾਮਾਨ ਦਾ ਬਾਈਕਾਟ ਕਰਨ ਦੇ ਦਿੱਤੇ ਸੱਦੇ ਤਹਿਤ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਚਮਕੌਰ ਸਿੰਘ ਬੱਲਰਾਂ ਨੇ ਇੱਥੇ ਆਪਣੇ ਖਾਲਸਾ ਮਲਟੀ ਸਟੋਰ ਵਿੱਚੋਂ ਕਾਰਪੋਰੇਟ ਘਰਾਣਿਆਂ ਦੇ ਪ੍ਰੋਡਕਟਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰ ਦਿੱਤਾ ਹੈ। ਭਾਈ ਹਰਜਿੰਦਰ ਸਿੰਘ ਮਾਝੀ ਨੇ ਸਮੂਹ ਦੁਕਾਨਦਾਰ ਭਰਾਵਾਂ ਨੂੰ ਕਿਸਾਨ ਸੰਘਰਸ਼ ਦੇ ਹੱਕ ਵਿੱਚ ਡਟਣ ਦੀ ਅਪੀਲ ਕੀਤੀ।