ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਦਸੰਬਰ
ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਬਣਨ ਖ਼ਿਲਾਫ਼ ਇਲਾਕੇ ਦੇ ਕਿਸਾਨਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪਿੰਡ ਰੌਸ਼ਨਵਾਲਾ ਵਿੱਚ ਅੱਜ ਚੌਥੇ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਜ਼ਮੀਨ ਨਾ ਦੇਣ ਦੇ ਫ਼ੈਸਲੇ ਦੀ ਹਮਾਇਤ ਕਰਦਿਆਂ ਕਿਹਾ ਕਿ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਕੇਂਦਰ ਸਰਕਾਰ ਆਮ ਲੋਕਾਂ ਲਈ ਨਹੀਂ ਸਗੋਂ ਅਡਾਨੀਆਂ ਵਰਗੇ ਵੱਡੇ ਘਰਾਣਿਆਂ ਦੇ ਕਾਰੋਬਾਰ ਵਧਾਉਣ ਲਈ ਬਣਾ ਰਹੀ ਹੈ। ਉਨ੍ਹਾਂ ਕੈਪਟਨ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਮਿਲੀਭੁਗਤ ਦਾ ਦੋਸ਼ ਵੀ ਲਗਾਇਆ। ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ਸੰਘਰਸ਼ ਕਮੇਟੀ ਦੇ ਆਗੂ ਪਰਦੀਪ ਸਿੰਘ, ਹਰਮਨਪ੍ਰੀਤ ਸਿੰਘ ਡਿੱਕੀ, ਜਗਜੀਤ ਸਿੰਘ ਮੀਰਹੇੜੀ, ਜੋਗਿੰਦਰ ਸਿੰਘ ਕਪਿਆਲ, ਜਗਵਿੰਦਰ ਸਿੰਘ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਰਾਂਝਾ ਸਿੰਘ ਖੇੜੀ ਚੰਦਵਾਂ ਅਤੇ ਕਰਨੈਲ ਸਿੰਘ ਕਪਿਆਲ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਸ ਸਮੇਂ ਤੱਕ ਨਵੀਂ ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਐਕਸਪ੍ਰੈੱਸ ਵੇਅ ਵਾਸਤੇ ਜ਼ਮੀਨ ਦੇਖਣ ਲਈ ਕੁਝ ਮੁਲਾਜ਼ਮ ਉਨ੍ਹਾਂ ਦੇ ਖੇਤਾਂ ਵਿੱਚ ਦਾਖਲ ਹੋਏ ਸਨ, ਜਿਨ੍ਹਾਂ ਨੂੰ ਕਾਬੂ ਕਰ ਕੇ ਐੱਸਡੀਐੱਮ ਭਵਾਨੀਗੜ੍ਹ ਦਫ਼ਤਰ ਪੇਸ਼ ਕੀਤਾ ਗਿਆ।
ਵਿਦਿਆਰਥੀਆਂ ਵੱਲੋਂ ਕਿਸਾਨਾਂ ਦੇ ਹੱਕ ’ਚ ਰੈਲੀ
ਅਮਰਗੜ੍ਹ (ਰਾਜਿੰਦਰ ਜੈਦਕਾ): ਪਾਇਨੀਅਰ ਸਕੂਲ ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਸਰਪ੍ਰਸਤ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕਾਂ ਲਈ ਰੋਸ ਮਾਰਚ ਕੀਤਾ। ਵਿਦਿਆਰਥੀਆਂ ਨੇ ਹੱਥਾਂ ਵਿੱਚ ਕਿਸਾਨ ਵਿਰੋਧੀ ਮਾਟੋ ਚੁੱਕੇ ਹੋਏ ਸਨ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਹ ਰੋਸ ਮਾਰਚ ਸਕੂਲ ਕੈਂਪਸ ਤੋਂ ਲੈ ਕੇ ਪਿੰਡ ਭੁਰਥਲਾ ਮੰਡੇਰ ਹੁੰਦਾ ਹੋਇਆ ਵਾਪਸ ਸਕੂਲ ਪਹੁੰਚਿਆ।