ਹਰਦੀਪ ਸਿੰਘ ਸੋਢੀ
ਧੂਰੀ, 26 ਫਰਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡ ਲੱਡਾ ਦੇ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰਬੰਸ ਸਿੰਘ ਲੱਡਾ, ਚਮਕੌਰ ਸਿੰਘ ਹਥਨ ਦੀ ਅਗਵਾਈ ਵਿੱਚ ਕਿਸਾਨੀ ਧਰਨਾ ਅੱਜ 149ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਅੱਜ ਵੀ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਈ ਚਾਲਾਂ ਚੱਲ ਰਹੀ ਹੈ ਪਰ ਕਿਸਾਨ ਇਨ੍ਹਾਂ ਚਾਲਾਂ ਦਾ ਮੂੰਹ-ਤੋੜਵਾਂ ਜਵਾਬ ਦੋਣਗੇ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕਰਵਾਉਣਗੇ ਕਿਸਾਨਾਂ ਨੇ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਦਿੱਤੇ ਜਾ ਰਹੇ ਬਿਆਨਾਂ ਦੀ ਵੀ ਨਿੰਦਾ ਕੀਤੀ। ਇਸ ਮੌਕੇ ਗਮਦੂਰ ਸਿੰਘ ਲੱਡਾ, ਗੁਰਜੀਤ ਸਿੰਘ ਲੱਡਾ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਹਮੀਰ ਸਿੰਘ ਬੇਨੜਾ, ਸੁਖਜੀਤ ਸਿੰਘ ਲੱਡਾ, ਹਰਬੰਸ ਸਿੰਘ ਪੇਧਨੀ, ਗੁਰਮੇਲ ਸਿੰਘ ਧਾਂਦਰਾ, ਮਹਿੰਦਰ ਕੌਰ, ਗੁਰੀ ਮਾਨ ਧੂਰੀ, ਮਹਿੰਦਰ ਸਿੰਘ ਭਸੋੜ ਆਦਿ ਹਾਜ਼ਰ ਸਨ।
ਨੌਜਵਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ’ਚ ਰਿਲਾਇੰਸ ਪੰਪ ਅੱਗੇ ਧਰਨਾ 150ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ। ਇਸੇ ਦੌਰਾਨ ਜਥੇਬੰਦੀ ਦੇ ਸੈਂਕੜੇ ਕਾਰਕੁਨ ਟਰੱਕਾਂ ਅਤੇ ਹੋਰ ਸਾਧਨਾਂ ਰਾਹੀਂ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ ਤਾਂ ਜੋ ਯੁਵਾ ਸ਼ਕਤੀ ਦਿਵਸ ਮੌਕੇ ਵੱਡਾ ਪ੍ਰਦਰਸ਼ਨ ਕੀਤਾ ਜਾ ਸਕੇ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਸਮਰਥਨ ਵਾਲਾ ਮੀਡੀਆ ਝੂਠਾ ਪ੍ਰਚਾਰ ਕਰ ਰਿਹਾ ਹੈ ਕਿ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਨੌਜਵਾਨ ਕਿਸਾਨੀ ਮੋਰਚਿਆਂ ਤੋਂ ਦੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਿਸਾਨੀ ਸੰਘਰਸ਼ ਪਹਿਲਾਂ ਨਾਲੋਂ ਮਜਬੂਤ ਹੋਇਆ ਹੈ। ਇਸੇ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਗਿਦਰਿਆਣੀ, ਹਰਿਆਓ ਅਤੇ ਗੁਰਨੇ ਖੁਰਦ ਆਦਿ ਪਿੰਡਾਂ ਵਿਚ ਨਾਟਕ ਖੇਡੇ ਗਏ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਸਮੇਤ ਸਮੂਹ ਪੰਜਾਬੀਆਂ ਨਾਲ ਧੱਕਾ ਕਰ ਰਹੀ ਹੈ। ਇਥੇ ਗੁਰੂਘਰ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਬਿਜਲੀ ਵਿਭਾਗ ਵਾਲੇ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਗਾ ਰਹੇ ਹਨ ਅਤੇ ਠੀਕ ਚੱਲ ਰਹੇ ਟਰਾਂਸਫਾਰਮਰ ਵੀ ਬਦਲੇ ਜਾ ਰਹੇ ਹਨ ਜਿਨ੍ਹਾਂ ਦਾ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮੀਟਰ ਲਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਦੁੱਗਣੇ ਕਰ ਦਿੱਤੇ ਹਨ ਅਤੇ ਸਿਲੰਡਰ ਵੀ 300 ਤੋਂ 825 ਰੁਪਏ ਦਾ ਕਰ ਦਿੱਤਾ ਹੈ। ਇਸ ਬਾਰੇ ਵੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਤਕੜਾ ਸੰਘਰਸ਼ ਕੀਤਾ ਜਾਵੇਗਾ।
ਘਨੌਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋੋਰਚੇ ਵੱਲੋਂ ਤਿੰਨ ਮਹੀਨੇ ਤੋਂ ਚਲਾਏ ਜਾ ਰਹੇ ਦੇਸ਼-ਵਿਆਪੀ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਪਿੰਡ ਚਮਾਰੂ ਵਿੱਚ ਇਲਾਕੇ ਦੇ ਕਿਸਾਨਾਂ ਦੀ ਮੀਟਿੰਗ ਸੁਖਵਿੰਦਰ ਸਿੰਘ, ਜਾਗਰ ਸਿੰਘ, ਰਣਜੀਤ ਸਿੰਘ ਤੇ ਨਿਰਮਲ ਸਿੰਘ ਦੀ ਸਾਂਝੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਪੁੱਜੇ ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ 27 ਫਰਵਰੀ ਨੂੰ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ ਜਿਸ ਵਿੱਚ ਦੇਸ਼ ਭਰ ਵਿੱਚੋਂ ਲੋਕ ਗੁਰੂ ਰਵੀਦਾਸ ਜੀ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣਗੇ।
ਪੱਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ ਸਮਾਗਮ
ਸੰਗਰੂਰ (ਪੱਤਰ ਪ੍ਰੇਰਕ): ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੱਗੜੀ ਸੰਭਾਲ ਜੱਟਾ ਲਹਿਰ ਦੇ ਮੋਢੀ ਅਜੀਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਇਕੱਤਰਤਾ ਕਾਮਰੇਡ ਬਸ਼ੇਸ਼ਰ ਰਾਮ ਦੀ ਪ੍ਰਧਾਨਗੀ ਹੇਠ ਕੀਤੀ ਗਈ| ਇਸ ਮੌਕੇ ਪੱਗੜੀ ਸੰਭਾਲ ਲਹਿਰ ਦੇ ਇਤਿਹਾਸ ਦੇ ਸੰਦਰਭਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਕਾਮਰੇਡ ਬਸ਼ੇਸ਼ਰ ਰਾਮ ਨੇ ਕਿਹਾ ਕਿ ਵਿਸ਼ਵ ਮੰਡੀ ਖਾਧ ਪਦਾਰਥਾਂ ਅਤੇ ਕੁਦਰਤੀ ਸੋਮਿਆਂ ’ਤੇ ਕਬਜ਼ਾ ਕਰਨ ਦੀ ਨੀਤੀ ਤਹਿਤ ਕਾਰਜ ਕਰ ਰਹੀ ਹੈ ਕੇਂਦਰ ਸਰਕਾਰ ਕਿਸਾਨੀ ਨੂੰ ਤਬਾਹ ਕਰਕੇ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਸੇ ਦੌਰਾਨ ਡਾ. ਭਗਵੰਤ ਸਿੰਘ ਨੇ ਪਗੜੀ ਸੰਭਾਲ ਜੱਟਾਂ ਲਹਿਰ ਦੇ ਇਤਿਹਾਸ ਬਾਰੇ ਦੱਸਿਆ| ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਦੀਆਂ ਤੋਂ ਚਲੀ ਆ ਰਹੀ ਜਾਗੀਰਦਾਰੀ ਪ੍ਰਥਾ ਦਾ ਖ਼ਾਤਮਾ ਕਰਕੇ ਹਲਵਾਹਕਾਂ ਨੂੰ ਜ਼ਮੀਨ ਦੇ ਅਧਿਕਾਰ ਦਿੱਤੇ ਸਨ| ਇਸ ਸਮਾਗਮ ਵਿੱਚ ਇਲਾਕੇ ਦੇ ਕਿਸਾਨਾਂ, ਕਿਸਾਨ ਬੀਬੀਆਂ ਤੇ ਬੁੱਧੀਜੀਵੀਆਂ ਨੇ ਭਾਗ ਲਿਆ।