ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਸਤੰਬਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਿੰਡ ਮੰਗਵਾਲ ਵਿੱਚ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦਾ ਪੁਤਲਾ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਗੁਰਦਾਸਪੁਰ ਸੰਸਦੀ ਹਲਕੇ ਦੇ ਲੋਕਾਂ ਨੂੰ ਸੰਨੀ ਦਿਓਲ ਦਾ ਬਾਈਕਾਟ ਕਰਨ ਅਤੇ ਪਿੰਡ-ਪਿੰਡ ਪੁਤਲੇ ਫ਼ੂਕਣ ਦਾ ਸੱਦਾ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨੀ ਵਿਰੋਧੀ ਖੇਤੀ ਆਰਡੀਨੈਸਾਂ ਦੀ ਸੰਨੀ ਦਿਓਲ ਵੱਲੋਂ ਹਮਾਇਤ ਕੀਤੇ ਜਾਣ ਤੋਂ ਕਿਸਾਨਾਂ ’ਚ ਰੋਸ ਹੈ। ਇਸ ਮੌਕੇ ਭਾਕਿਯੂ ਰਾਜੇਵਾਲ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਮੰਗਵਾਲ ਨੇ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਖੇਤੀ ਆਰਡੀਨੈਸਾਂ ਦੇ ਪੱਖ ਵਿੱਚ ਭੁਗਤਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੰਨੀ ਦਿਓਲ ਦੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ। ਊਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਗੁਰਦਾਸਪੁਰ ਹਲਕੇ ਦੇ ਲੋਕਾਂ ਨੇ ਜਿਤਾ ਕੇ ਉਸਨੂੰ ਵੱਡਾ ਮਾਣ ਬਖਸ਼ਿਆ ਸੀ ਪਰ ਉਸਨੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨ ਵਿਰੋਧੀ ਸੰਸਦ ਮੈਂਬਰ ਦਾ ਪੰਜਾਬ ਭਰ ਵਿੱਚ ਮੁਕੰਮਲ ਬਾਈਕਾਟ ਕੀਤਾ ਜਾਵੇ ਅਤੇ ਕਿਸੇ ਵੀ ਪਿੰਡ ਵਿੱਚ ਵੜਨ ਨਾ ਦਿੱਤਾ ਜਾਵੇ। ਉਨ੍ਹਾਂ ਗੁਰਦਾਸਪੁਰ ਹਲਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਸੰਨੀ ਦਿਉਲ ਦੇ ਪਿੰਡ-ਪਿੰਡ ਪੁਤਲੇ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤੇ ਜਾਣ ਅਤੇ ਅੱਗੇ ਤੋਂ ਪੰਜਾਬ ਅਤੇ ਕਿਸਾਨੀ ਨਾਲ ਗੱਦਾਰੀ ਕਰਨ ਵਾਲੇ ਅਜਿਹੇ ਲੀਡਰਾਂ ਨੂੰ ਪਿੰਡਾਂ ਵਿਚ ਵੜਨ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਪੂਰੇ ਸਿਖਰ ਤੇ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਜਤਿੰਦਰ ਸਿੰਘ ਧਾਲੀਵਾਲ, ਬਲਜੀਤ ਸਿੰਘ ਸਰਾਓ, ਪਵਿੱਤਰ ਸਿੰਘ, ਜਸ਼ਨ ਮਾਨ, ਗੁਰਮੁਖ ਸਿੰਘ ਮਾਨ ਤੇ ਬਲਜਿੰਦਰ ਮਾਨ ਮੌਜੂਦ ਸਨ।