ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਫਰਵਰੀ
ਖੇਤੀ ਕਾਨੂੰਨ ਰੱਦ ਕਰਾਉਣ ਲਈ ਜਾਰੀ ਰੋਸ ਧਰਨਿਆਂ ਦੌਰਾਨ ਕਿਸਾਨ ਆਗੂਆਂ ਨੇ ਮੋਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਦੇਸ਼ ਵਾਸੀਆਂ ’ਤੇ ਖੇਤੀ ਵਿਰੋਧੀ ਕਾਨੂੰਨ ਥੋਪਣਾ ਅਤੇ ਵਧੀ ਹੋਈ ਮਹਿੰਗਾਈ ਨੂੰ ‘ਅੱਛੇ ਦਿਨ’ ਨਹੀਂ ਆਖਿਆ ਜਾ ਸਕਦਾ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਅਤੇ ਕਾਰਪੋਰੇਟ ਘਰਾਣਿਆਂ ਦੀ ‘ਸੇਵਾ’ ਤੋਂ ਲਾਂਭੇ ਹੋ ਕੇ ਲੋਕਾਂ ਦੇ ‘ਮਨ ਕੀ ਬਾਤ’ ਸੁਣਨੀ ਚਾਹੀਦੀ ਹੈ।
ਇਥੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨੇ ਜਾਰੀ ਹਨ। ਸਟੇਸ਼ਨ ਨੇੜੇ ਕਿਸਾਨ ਆਗੂ ਨਿਰਮਲ ਸਿੰਘ ਬਟੜਿਆਣਾ, ਹਰਮੇਲ ਸਿੰੰਘ ਮਹਿਰੋਕ, ਰਘਵੀਰ ਸਿੰਘ ਛਾਜਲੀ, ਇੰਦਰਪਾਲ ਸਿੰਘ ਪੁੰਨਾਂਵਾਲ, ਰਾਮ ਸਿੰਘ ਸੋਹੀਆਂ, ਡਾ. ਅਮਨਦੀਪ ਕੌਰ, ਗੁਰਬਖਸ਼ੀਸ਼ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ, ਨਰੰਜਣ ਸਿੰਘ ਚੁਨਾਗਰਾ ਤੇ ਮਲਕੀਤ ਦਾਸ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ (ਏਕਤਾ ਉਗਰਾਹਾਂ) ਦੇ ਰੋਸ ਧਰਨਿਆਂ ’ਚ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਲਾਭ ਸਿੰਘ ਖੁਰਾਣਾ, ਸਰੂਪ ਚੰਦ ਕਿਲਾਭਰੀਆਂ, ਗੁਰਦੀਪ ਸਿੰਘ ਕੰਮੋਮਾਜਰਾ, ਕਰਮਜੀਤ ਮੰਗਵਾਲ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਸੱਤਾ ਦੇ ਨਸ਼ੇ ’ਚ ਕੇਂਦਰ ਸਰਕਾਰ ਜਿਥੇ ਕਿਸਾਨਾਂ ਉਪਰ ਜਬਰੀ ਖੇਤੀ ਮਾਰੂ ਕਾਨੂੰਨ ਥੋਪ ਰਹੀ ਹੈ, ਉਥੇ ਮਹਿੰਗਾਈ ਦੀ ਮਾਰ ਨੇ ਵੀ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਜ਼ਿੱਦ ਕਾਰਨ ਲੋਕ ਹਿੱਤ ਵਿਚ ਫੈਸਲੇ ਨਹੀਂ ਲੈ ਰਹੀ ਸਗੋਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਇਹ ਭੁਲੇਖਾ ਹੈ ਕਿ ਕਿਸਾਨ ਅੰਦੋਲਨ ਨੂੰ ਲੰਮਾ ਕਰਕੇ ਖਤਮ ਕਰ ਦਿੱਤਾ ਜਾਵੇਗਾ ਪਰ ਇਸ ਨਾਲ ਕਿਸਾਨ ਅੰਦੋਲਨ ਹੋਰ ਵਧੇਰੇ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ-ਪਿੰਡ ਵਿਚ ਕਿਸਾਨ ਅੰਦੋਲਨ ਪ੍ਰਤੀ ਭਾਰੀ ਜੋਸ਼ ਤੇ ਉਤਸ਼ਾਹ ਹੈ ਅਤੇ ਵਹੀਰਾਂ ਘੱਤ ਕੇ ਲੋਕ ਦਿੱਲੀ ਮੋਰਚੇ ਵਿਚ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਾ ਪੁਲੀਸ ਕੇਸਾਂ ਤੋਂ ਡਰਨ ਵਾਲੇ ਹਨ ਅਤੇ ਨਾ ਹੀ ਸੰਘਰਸ਼ ਦੇ ਮੈਦਾਨ ’ਚੋ ਪਿੱਛੇ ਹਟਣ ਵਾਲੇ ਹਨ। ਉਨ੍ਹਾਂ ਮੰਗ ਕੀਤੀ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਮਹਿੰਗਾਈ ਨੂੰ ਨੱਥ ਪਾਈ ਜਾਵੇ ਤਾਂ ਕਿ ਦੇਸ਼ ਦੇ ਵਿੱਚ ‘ਅੱਛੇ ਦਿਨ’ ਆ ਸਕਣ।
ਪਿੰਡ ਮੱਟਰਾਂ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਨੇੜਲੇ ਪਿੰਡ ਮੱਟਰਾਂ ਤੋਂ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ 13ਵਾਂ ਜੱਥਾ ਰਵਾਨਾ ਹੋਇਆ। ਯੂਨੀਅਨ ਦੇ ਇਕਾਈ ਪ੍ਰਧਾਨ ਪਰਗਟ ਸਿੰਘ ਸਿੱਧੂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਦੇ ‘ਦਿੱਲੀ ਚੱਲੋ’ ਸੱਦੇ ’ਤੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਇਲਾਕੇ ਦੇ ਕਿਸਾਨਾਂ ਵਿੱਚ ਉਤਸ਼ਾਹ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਲੰਬੇ ਸੰਘਰਸ਼ ਲਈ ਰਣਨੀਤੀ ਬਣਾ ਲਈ ਹੈ ਅਤੇ ਇਹ ਜਥੇ ਲਗਾਤਾਰ ਜਾਰੀ ਰਹਿਣਗੇ। ਅੱਜ ਦੇ ਜੱਥੇ ਵਿੱਚ ਗੋਪਾਲ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ ਫੌਜੀ, ਬਲਵੀਰ ਸਿੰਘ ਕਾਲਾ, ਗੁਰਤੇਜ ਸਿੰਘ ਤੇਜੀ, ਜਰਨੈਲ ਸਿੰਘ, ਘੁੱਕਾ ਸਿੰਘ, ਹਮੀਰ ਸਿੰਘ ਅਤੇ ਪ੍ਰਕਾਸ਼ ਸਿੰਘ ਆਦਿ ਸ਼ਾਮਲ ਸਨ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਮਾਝੀ, ਕਾਲਾਝਾੜ ਅਤੇ ਪੈਟਰੋਲ ਪੰਪ ਬਾਲਦ ਕਲਾਂ ਵਿੱਚ ਪੱਕੇ ਧਰਨੇ ਜਾਰੀ ਹਨ।