ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 16 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਦੀ ਅਗਵਾਈ ਹੇਠ ਸਥਾਨਕ ਲੋਕ ਨਿਰਮਾਣ ਵਿਭਾਗ ਦਫ਼ਤਰ ਦੇ ਸਾਹਮਣੇ ਪਈ ਖਾਲੀ ਜਗ੍ਹਾ ‘ਤੇ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫ਼ੂਕੇ। ਇਸ ਤੋਂ ਪਹਿਲਾਂ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਭੁਦਨ ਅਤੇ ਨਿਰਮਲ ਸਿੰਘ ਅਲੀਪੁਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ। ਮੋਦੀ ਸਰਕਾਰ ਜਿਸ ਤਰ੍ਹਾਂ ਜਨਤਕ ਖੇਤਰ ਦੇ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ ਉਸ ਤਰ੍ਹਾਂ ਹੀ ਖੇਤੀ ਖੇਤਰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਕੇ ਕਿਸਾਨਾਂ ਨੂੰ ਜ਼ਮੀਨ ਤੋਂ ਵਾਂਝੇ ਕਰਨਾ ਚਾਹੁੰਦੀ ਹੈ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਕਿਸਾਨ ਆਗੂਆਂ ਹਰਜੀਤ ਸਿੰਘ ਟਹਿਲਪੁਰਾ, ਜਸਵੰਤ ਸਿੰਘ ਪ੍ਰਧਾਨ, ਮਨਜੀਤ ਸਿੰਘ ਘੁੰਮਾਣਾ, ਉਜਾਗਰ ਸਿੰਘ ਖੈਰਪੁਰ, ਮਨਪ੍ਰੀਤ ਸਿੰਘ ਨੀਲਪੁਰ, ਮੇਜਰ ਸਿੰਘ ਊਗਾਣੀ, ਜਸਵੰਤ ਸਿੰਘ ਭਗੜਾਣਾ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਰਾਜਪੁਰਾ ਨੇੜਲੇ ਨਾਭਾ ਪਾਵਰ ਥਰਮਲ ਪਲਾਂਟ ਨਲਾਸ ਦੇ ਬਾਹਰ ਅਤੇ ਟਾਊਨ ਦੇ ਫੁਆਰਾ ਚੌਕ ਨੇੜੇ ਨਰਿੰਦਰ ਮੋਦੀ, ਯੋਗੀ ਆਦਿੱਤਿਆਨਾਥ ਤੇ ਅਮਿਤ ਸ਼ਾਹ ਦੇ ਪੁੁਤਲੇ ਫੂਕੇ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਧੂਰੀ (ਪਵਨ ਕੁਮਾਰ ਵਰਮਾ): ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਅੱਜ ਲਖੀਮਪੁਰ ਖੀਰੀ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਾਕੇ ਜੇਲ੍ਹ ਵਿੱਚ ਬੰਦ ਕਰਨ ਲਈ ਹਰਦੇਵ ਸਿੰਘ ਘਨੌਰੀ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ਵਿਖੇ ਰੋਸ ਪ੍ਰਦਰਸ਼ਨ ਕਰਕੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਜੈ ਮਿਸ਼ਰਾ ਦੇ ਪੁਤਲੇ ਸਾੜੇ ਗਏ।
ਦਿੜਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਦਿੜਬਾ ਦੇ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਕੇਂਦਰੀ ਆਗੂਆਂ ਦੇ ਪੁਤਲੇ ਫੂਕੇ ਗਏ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਅਤੇ ਦਿੜਬਾ ਦੇ ਕਿਸਾਨ ਆਗੂ ਜਥੇਦਾਰ ਹਰਬੰਸ ਸਿੰਘ ਦਿੜਬਾ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੋਂ ਦੀ ਅਨਾਜ ਮੰਡੀ ’ਚ ਅੱਜ ਕਿਸਾਨਾਂ ਨੇ ਸਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਹਿਰਾਗਾਗਾ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਕਿਸਾਨ ਯੂਨੀਅਨ ਸੂਬਾ ਜਰਨਲ ਸਕੱਤਰ ਬਲਵੀਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਭੀਮ ਸਿੰਘ ਆਲਮਪੁਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਤੇ ਬੀਕੇਯੂ ਰਾਜੇਵਾਲ ਦੇ ਹਰਵਿੰਦਰ ਲਦਾਲ ਸਣੇ ਹੋਰਨਾਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦਾ ਰੋਸ ਮੁਜ਼ਾਹਰਾ ਜਾਰੀ ਰਹੇਗਾ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸੰਯੁਕਤ ਕਿਸਾਨ ਮੋਰਚੇ ਐਲਾਨ ਤਹਿਤ ਕਿਸਾਨ ਜਥੇਬੰਦੀਆਂ ਨੇ ਦਿੱਲੀ- ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਰੋਸ ਮੁਜ਼ਾਹਰਾ ਕਰਕੇ ਪ੍ਰਧਾਨ ਮੰਤਰੀ ਮੋਦੀ ਦਾ ਦਸ ਸਿਰਾਂ ਵਾਲਾ ਪੁਤਲਾ ਫੂਕਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸੰਯੁਕਤ ਕਿਸਾਨ ਮੋਰਚਾ ਤਹਿਸੀਲ ਸੁਨਾਮ ਵੱਲੋਂ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਮੌਤ ਦੇ ਕਥਿਤ ਦੋਸ਼ੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਬੱਸ ਸਟੈਂਡ ਵਿੱਚ ਮੋਦੀ ਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ।
ਘਨੌਰ (ਪੱਤਰ ਪ੍ਰੇਰਕ): ਕਿਸਾਨ ਆਗੂਆਂ ਧਰਮਪਾਲ ਸਿੰਘ ਸੀਲ, ਜਗਪਾਲ ਸਿੰਘ ਮੰਡੌਲੀ, ਕੌਮਾਂਤਰੀ ਕਬੱਡੀ ਖਿਡਾਰੀ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਭਗਵਾਨ ਸਿੰਘ ਖਾਲਸਾ ਹਰਪਾਲਪੁਰ, ਗੁਰਮੀਤ ਸਿੰਘ ਬਹਾਵਲਪੁਰ, ਤਰਸੇਮ ਚੰਦ ਅਜਰਾਵਰ ਤੇ ਹੋਰਾਂ ਵੱਲੋਂ ਰਾਜਪੁਰਾ-ਅੰਬਾਲਾ ਜੀ.ਟੀ ਰੋਡ ’ਤੇ ਪਿੰਡ ਬਪਰੌਰ ਨੇੜਲੇ ਰਿਲਾਇੰਸ ਪੰਪ, ਪਿੰਡ ਸੀਲ, ਅਜਰਾਵਰ ਵਿੱਚ ਮੋਦੀ, ਯੋਗੀ ਤੇ ਸ਼ਾਹ ਦੇ ਪੁਤਲੇ ਫੂਕੇ ਗਏ।
ਸਮਾਣਾ (ਸੁਭਾਸ਼ ਚੰਦਰ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸਮਾਣਾ ਨੇ ਪਟਿਆਲਾ-ਸਮਾਣਾ ਰਾਜ ਮਾਰਗ ’ਤੇ ਮੋਦੀ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਸਾੜਿਆ ਗਿਆ।
ਦੇਵੀਗੜ੍ਹ (ਪੱਤਰ ਪ੍ਰੇਰਕ): ਬਲਬੇੜਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਮੁਖਤਿਆਰ ਸਿੰਘ ਕੱਕੇਪੁਰ ਬਲਾਕ ਪ੍ਰਧਾਨ ਸਨੌਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਪੁਤਲਾ ਫੁੂਕਿਆ ਗਿਆ।
ਲੱਡਾ ਟੌਲ ਪਲਾਜ਼ਾ ’ਤੇ ਕਿਸਾਨਾਂ ਦਾ ਮੋਰਚਾ ਜਾਰੀ
ਧੂਰੀ (ਹਰਦੀਪ ਸਿੰਘ ਸੋਢੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡ ਲੱਡਾ ਨੇੜੇ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਹਰਪਾਲ ਸਿੰਘ ਪੇਧਨੀ ਦੀ ਅਗਵਾਈ ਹੇਠ 378ਵੇਂ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਭਾਜਪਾ ਕਿਸਾਨਾਂ ਦੇ ਧਰਨਿਆਂ ਨੂੰ ਕਮਜ਼ੋਰ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ 17 ਅਕਤੂਬਰ ਨੂੰ ਖਨੋਰੀ ਬਾਰਡਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ ਕੀਤਾ ਜਾਵੇਗਾ।