ਮੋਦੀ ਖ਼ਿਲਾਫ਼ ਕਿਸਾਨਾਂ ਦਾ ਰੋਹ ਬਰਕਰਾਰ

ਅੰਦੋਲਨ ’ਚ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਹੋਣ ਤੇ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ

ਮੋਦੀ ਖ਼ਿਲਾਫ਼ ਕਿਸਾਨਾਂ ਦਾ ਰੋਹ ਬਰਕਰਾਰ

ਸੰਗਰੂਰ ’ਚ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਸਟੇਸ਼ਨ ’ਤੇ 27ਵੇਂ ਦਿਨ ਵੀ ਰੋਸ ਧਰਨੇ ’ਚ ਡਟੇ ਹੋਏ ਕਿਸਾਨ।

ਗੁਰਦੀਪ ਸਿੰਘ ਲਾਲੀ

ਸੰਗਰੂਰ, 27 ਅਕਤੂਬਰ

ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਰੇਲ ਰੋਕੋ ਅੰਦੋਲਨ ਤਹਿਤ ਇਥੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਰੋਸ ਧਰਨੇ ਦੌਰਾਨ 27ਵੇਂ ਦਿਨ ਵੀ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਤੇ ਖੇਤੀ ਮਾਰੂ ਕਾਲੇ ਕਾਨੂੰਨਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਧਰਨੇ ਦੌਰਾਨ ਐਲਾਨ ਕੀਤਾ ਕਿ ਖੇਤੀ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵਾਂਗੇ। ਰੋਸ ਧਰਨੇ ਨੂੰ ਭਾਕਿਯੂ ਰਾਜੇਵਾਲ ਦੇ ਨਰੰਜਣ ਸਿੰਘ ਦੋਹਲਾ, ਭਾਕਿਯੂ ਡਕੌਦਾ ਦੇ ਸੁਖਦੇਵ ਸਿੰਘ ਘਰਾਚੋਂ, ਕੁਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਬਟੜਿਆਣਾ, ਭਾਕਿਯੂ ਸਿੱਧੂਪੁਰ ਦੇ ਰਾਮ ਸਿੰਘ ਸ਼ਾਦੀਹਰੀ, ਊਧਮ ਸਿੰਘ ਸੰਤੋਖਪੁਰਾ ਜਮਹੂਰੀ ਕਿਸਾਨ ਸਭਾ, ਮੰਗਤ ਰਾਮ ਲੌਂਗੋਵਾਲ ਕੁਲ ਹਿੰਦ ਕਿਸਾਨ ਫੈਡਰੇਸ਼ਨ, ਜਰਨੈਲ ਸਿੰਘ  ਜਲਾਲ ਕੁਲ ਹਿੰਦ ਕਿਸਾਨ ਸਭਾ ਪੰਜਾਬ, ਦਰਸ਼ਨ ਸਿੰਘ  ਪ੍ਰੈੱਸ ਸਕੱਤਰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਕਰਨੈਲ ਸਿੰਘ ਕਾਕੜਾ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਹਰਦੇਵ ਸਿੰਘ ਘਨੌਰੀ ਕਲਾਂ ਸੂਬਾ ਆਗੂ ਜ਼ਮਹੂਰੀ ਕਿਸਾਨ ਸਭਾ, ਮੁਹੰਮਦ ਖ਼ਲੀਲ ਜ਼ਿਲ੍ਹਾ ਆਗੂ ਕੁਲ ਹਿੰਦ ਕਿਸਾਨ ਸਭਾ (ਅਜੇ ਭਵਨ), ਮੇਜਰ ਸਿੰਘ ਪੁੰਨਾਵਾਲ, ਭੂਪ ਚੰਦ ਚੰਨੋ ਸੂਬਾ ਆਗੂ ਕੁਲ ਹਿੰਦ ਕਿਸਾਨ ਸਭਾ ਪੰਜਾਬ, ਗੁਰਮੀਤ ਸਿੰਘ ਕਪਿਆਲ, ਬਲਵਿੰਦਰ ਸਿੰਘ ਬਡਰੁੱਖਾਂ, ਪ੍ਰੀਤਮ ਸਿੰਘ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ),  ਬੀਰਬਲ ਸਿੰਘ ਲਹਿਲ ਕਲਾਂ ਜਮਹੂਰੀ ਕਿਸਾਨ ਸਭਾ, ਨਰੰਜਣ ਸਿੰਘ ਸੰਗਰੂਰ ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ), ਸੁਰਜੀਤ ਸਿੰਘ ਫਤਿਹਗੜ੍ਹ ਛੰਨਾ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ)  ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਆਰਐੱਸਐੱਸ ਦੇ ਏਜੰਡੇ ਨੂੰ ਲਾਗੂ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਘੱਟ ਗਿਣਤੀਆਂ ਖ਼ਿਲਾਫ਼ ਕਾਲੇ ਕਾਨੂੰਨ ਬਣਾ ਰਹੀ ਹੈ। ਪਹਿਲਾਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ’ਚ ਵਸਦੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਘੱਟ ਗਿਣਤੀਆਂ ਨੂੰ ਦਬਾਉਣ ਲਈ ਪੰਜਾਬ ਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਬਣਾ ਦਿੱਤੇ ਹਨ ਜਿਸਦੇ ਵਿਰੋਧ ’ਚ ਸਮੁੱਚਾ ਪੰਜਾਬ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਸੜਕਾਂ ’ਤੇ ਨਿੱਤਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਿੱਡਰ, ਅਣਖੀ ਤੇ ਇਨਕਲਾਬੀ ਲੋਕ ਹਨ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਤੇ ਦੇਸ਼ ਦੀ ਸੁਰੱਖਿਆ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਪਰ ਕੇਂਦਰ ਸਰਕਾਰ ਨੇ ਇਨ੍ਹਾਂ ਕੁਰਬਾਨੀਆਂ ਨੂੰ ਭੁਲਾ ਦਿੱਤਾ ਹੈ ਤੇ ਪੰਜਾਬ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਜਿਸਨੂੰ ਪੰਜਾਬ ਦੇ ਅਣਖੀਂ ਲੋਕ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। 

ਆੜ੍ਹਤੀਆਂ ਨੂੰ ਵਿਚੋਲੇ ਕਹਿਣ ਦੀ ਨਿਖੇਧੀ 

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ)  ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਨੇ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਉਨ੍ਹਾਂ ਲੋਕਾਂ ਨੂੰ ਬਾਜ਼ ਆਉਣ ਲਈ ਕਿਹਾ ਹੈ ਕਿ ਜੋ ਵਿਚੋਲੇ ਸ਼ਬਦ ਦਾ ਗ਼ਲਤ ਅਰਥ ਕੱਢ ਕੇ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ’ਚ ਮਾਹੌਲ ਖਰਾਬ ਕਰ ਰਹੇ ਸਨ। ਭਾਜਪਾ ਆਗੂ ਨੇ ਕਿਹਾ ਕਿ  ਪੰਜਾਬ ਦੀਆਂ ਮੰਡੀਆਂ ਵਿੱਚ ਜੋ ਵੀ ਕੰਮ ਹੁੰਦਾ ਹੈ ਉਹ ਆੜ੍ਹਤੀਆਂ ਰਾਹੀਂ ਹੁੰਦਾ ਹੈ, ਵਿਚੋਲਿਆਂ ਰਾਹੀਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆੜ੍ਹਤੀ ਵਿਚੋਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਬਹੁਤ ਲੰਮੇ ਸਮੇਂ ਤੋਂ ਕਿਸਾਨ ਅਤੇ ਆੜ੍ਹਤੀ ਇਕ ਦੂਜੇ ਦੀਆਂ ਲੋੜਾਂ ਦੇ ਪੂਰਕ ਹਨ। ਇਸ ਮੌਕੇ ਮੌਜੂਦ ਆੜ੍ਹਤੀ ਆਗੂ ਸ਼ੰਕਰ ਬਾਂਸਲ ਤੇ ਬਾਬੂ ਦੀਵਾਨ ਗੋਇਲ  ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਆੜ੍ਹਤੀਆਂ ਨੂੰ ਵਿਚੋਲੇ ਕਹਿਣ ਵਾਲੇ ਲੋਕਾਂ ਨੂੰ ਨੱਥ ਪਾਈ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All