ਪੱਤਰ ਪ੍ਰੇਰਕ
ਭਵਾਨੀਗੜ, 7 ਅਗਸਤ
ਇੱਥੋਂ ਨੇੜਲੇ ਪਿੰਡ ਬਲਿਆਲ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਛੋਟੀ ਕਿਸਾਨੀ ਨਾਲ ਸਬੰਧਤ ਹਰਦੇਵ ਸਿੰਘ (58) ਆਪਣੇ ਖੇਤ ਵਿੱਚ ਕੰਮ ਕਰਨ ਦੌਰਾਨ ਅਚਾਨਕ ਡਿੱਗਕੇ ਮੌਤ ਦੇ ਮੂੰਹ ਵਿੱਚ ਪੈ ਗਿਆ। ਮ੍ਰਿਤਕ ਕਿਸਾਨ ਦੇ ਪੁੱਤਰ ਗੁਰਧਿਆਨ ਸਿੰਘ ਨੇ ਇੱਥੇ ਥਾਣੇ ਵਿਖੇ ਲਿਖਾਏ ਬਿਆਨ ਵਿੱਚ ਦੱਸਿਆ ਕਿ ਉਸ ਦੇ ਪਿਤਾ ਕੋਲ ਤਿੰਨ ਏਕੜ ਜ਼ਮੀਨ ਸੀ ਅਤੇ ਘਰੇਲੂ ਹਾਲਤਾਂ ਕਾਰਣ ਉੁਨ੍ਹਾਂ ਉਤੇ 8 ਲੱਖ ਦੇ ਕਰੀਬ ਸਰਕਾਰੀ ਤੇ ਗ਼ੈਰ ਸਰਕਾਰੀ ਕਰਜ਼ਾ ਸੀ। ਕਰਜ਼ੇ ਕਾਰਨ ਉਸ ਦਾ ਪਿਤਾ ਪ੍ਰੇਸ਼ਾਨ ਰਹਿੰਦਾ ਸੀ। ਇਸੇ ਦੌਰਾਨ ਅੱਜ ਸਵੇਰੇ ਉਹ ਖੇਤ ਕੰਮ ਕਰਨ ਲਈ ਗਿਆ ਸੀ,ਪਰ ਉੱਥੇ ਹੀ ਉਹ ਅਚਾਨਕ ਡਿੱਗ ਪਿਆ ਅਤੇ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ 174 ਦੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ।